ਹੁਣ ਜੇਲ੍ਹ ’ਚ ਲੱਗਣਗੀਆਂ ਕਲਾਸਾਂ, ਅਨਪੜ੍ਹ ਕੈਦੀਆਂ ਨੂੰ ਹੀ ਪੜ੍ਹਾਉਣਗੇ ‘ਕੈਦੀ’

2/23/2021 2:46:30 PM

ਫਤਿਹਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੀ ਜੇਲ੍ਹ ’ਚ ਬੰਦ ਵਿਚਾਰ ਅਧੀਨ ਅਨਪੜ੍ਹ ਕੈਦੀਆਂ ਨੂੰ ਸਿੱਖਿਅਤ ਕਰਨ ਦੀ ਪਹਿਲ ਤਹਿਤ ਇੱਥੇ 250 ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣ ਲਈ 11 ਕੈਦੀ ਅਧਿਆਪਕ ਨਿਯੁਕਤ ਕੀਤੇ ਗਏ ਹਨ। ਫਤਿਹਪੁਰ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਮੁਹੰਮਦ ਅਕਰਮ ਖਾਨ ਨੇ ਦੱਸਿਆ ਕਿ ਜੇਲ੍ਹ ’ਚ ਕੁੱਲ 1400 ਵਿਚਾਰ ਅਧੀਨ ਕੈਦੀ ਹਨ, ਇਨ੍ਹਾਂ ’ਚੋਂ 250 ਅਨਪੜ੍ਹ ਕੈਦੀਆਂ ਦੀ ਛਾਂਟੀ ਕੀਤੀ ਗਈ ਹੈ। ਇਹ ਸਾਰੇ ਕੈਦੀ ਅਨਪੜ੍ਹ ਹਨ, ਇਨ੍ਹਾਂ ਨੂੰ ਸਿੱਖਿਅਤ ਕਰਨਲਈ 11 ਪੜ੍ਹੇ-ਲਿਖੇ ਕੈਦੀ ਨਿਯੁਕਤ ਕੀਤੇ ਗਏ ਹਨ। 

PunjabKesari

ਅਕਰਮ ਨੇ ਦੱਸਿਆ ਕਿ ਬੈਰਕ ਦੇ ਵਿਹੜੇ ਨੂੰ ਕਲਾਸ ਰੂਮ ਬਣਾਇਆ ਗਿਆ ਹੈ ਅਤੇ ਇੱਥੇ ਹੀ ਬਲੈਕ ਬੋਰਡ ਲਾ ਕੇ ਕੈਦੀਆਂ ਨੂੰ ਪੜ੍ਹਾਇਆ ਜਾਵੇਗਾ। ਰੋਜ਼ਾਨਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਕਲਾਸਾਂ ਲਾਈਆਂ ਜਾਣਗੀਆਂ। ਅਕਰਮ ਖਾਨ ਨੇ ਦੱਸਿਆ ਕਿ ਅਨਪੜ੍ਹ ਕੈਦੀਆਂ ਦੀ ਪੜ੍ਹਾਈ-ਲਿਖਾਈ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਦੀ ਸਪਲਾਈ ਲਈ ਫਤਿਹਪੁਰ ਜ਼ਿਲ੍ਹੇ ਦੀ ਸਮਾਜਿਕ ਸੰਸਥਾ ‘ਟਰੂਥ (ਸੱਚ) ਮਿਸ਼ਨ ਸਕੂਲ’ ਨੇ ਹਾਮੀ ਭਰੀ ਹੈ, ਇਸ ਲਈ ਜੇਲ੍ਹ ਕਾਮਿਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਖਾਨ ਨੇ ਕਿਹਾ ਕਿ ਸਿੱਖਿਆ ਦੀ ਘਾਟ ਵਿਚ ਵਿਅਕਤੀ ਅਪਰਾਧ ਕਰਦਾ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਸਿੱਖਿਅਤ ਹੋ ਕੇ ਜੇਲ੍ਹ ਤੋਂ ਰਿਹਾਅ ਹੋਣ ਵਾਲਾ ਕੈਦੀ ਸਮਾਜ ਦੀ ਮੁੱਖ ਧਾਰਾ ਨਾਲ ਜੁੜੇ ਅਤੇ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਕੋਈ ਰੁਜ਼ਗਾਰ ਕਰ ਸਕੇ। 


Tanu

Content Editor Tanu