ਭਾਰਤ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
Wednesday, Nov 01, 2023 - 11:50 AM (IST)
![ਭਾਰਤ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ](https://static.jagbani.com/multimedia/2023_11image_11_46_530481461modi.jpg)
ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਬੁੱਧਵਾਰ ਨੂੰ ਭਾਰਤ ਦੀ ਸਹਾਇਤਾ ਨਾਲ ਤਿਆਰ ਤਿੰਨ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ- ਅਖੌਰਾ-ਅਗਰਤਲਾ ਕਰਾਸ ਬਾਰਡਰ ਰੇਲ ਲਿੰਕ, ਖੁਲਨਾ-ਮੰਗਲਾ ਪੋਰਟ ਰੇਲ ਲਾਈਨ ਅਤੇ ਮੈਤਰੀ ਸੁਪਰ ਥਰਮਲ ਪਾਵਰ ਪਲਾਂਟ ਦੀ ਦੂਜੀ ਯੂਨਿਟ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ। ਦੋਹਾਂ ਨੇਤਾਵਾਂ ਨੇ ਬੁੱਧਵਾਰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ। ਇਹ ਪ੍ਰਾਜੈਕਟ ਖੇਤਰ ਵਿਚ ਸੰਪਰਕ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਅਖੌਰਾ-ਅਗਰਤਲਾ ਕਰਾਸ ਬਾਰਡਰ ਰੇਲ ਲਿੰਕ ਪ੍ਰਾਜੈਕਟ ਭਾਰਤ ਸਰਕਾਰ ਦੁਆਰਾ ਬੰਗਲਾਦੇਸ਼ ਨੂੰ ਦਿੱਤੀ ਗਈ 392.52 ਕਰੋੜ ਰੁਪਏ ਦੀ ਗ੍ਰਾਂਟ ਸਹਾਇਤਾ ਦੇ ਤਹਿਤ ਤਿਆਰ ਕੀਤਾ ਗਿਆ ਹੈ। ਬੰਗਲਾਦੇਸ਼ 'ਚ 6.78 ਕਿਲੋਮੀਟਰ ਲੰਬੀ ਦੋਹਰੀ ਗੇਜ ਰੇਲ ਲਾਈਨ ਅਤੇ ਤ੍ਰਿਪੁਰਾ 'ਚ 5.46 ਕਿਲੋਮੀਟਰ ਲੰਬੀ ਰੇਲ ਲਾਈਨ ਨਾਲ ਰੇਲ ਸੰਪਰਕ ਦੀ ਕੁੱਲ ਲੰਬਾਈ 12.24 ਕਿਲੋਮੀਟਰ ਹੈ।
ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਕੀਤਾ ਫੋਨ ਹੈੱਕ ਹੋਣ ਦਾ ਦਾਅਵਾ, ਭਾਜਪਾ 'ਤੇ ਲਗਾਏ ਇਲਜ਼ਾਮ
ਖੁਲਨਾ-ਮੰਗਲਾ ਪੋਰਟ ਰੇਲ ਲਾਈਨ ਪ੍ਰਾਜੈਕਟ ਭਾਰਤ ਸਰਕਾਰ ਦੀ ਰਿਆਇਤੀ ਕਰਜ਼ ਸਹੂਲਤ ਦੇ ਅਧੀਨ 38.892 ਕਰੋੜ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਇਸ ਪ੍ਰਾਜੈਕਟ 'ਚ ਮੰਗਲਾ ਬੰਦਰਗਾਹ ਅਤੇ ਖੁਲਨਾ 'ਚ ਮੌਜੂਦ ਰੇਲ ਨੈੱਟਵਰਕ ਦਰਮਿਆਨ ਲਗਭਗ 65 ਕਿਲੋਮੀਟਰ ਬ੍ਰਾਡਗੇਜ ਰੇਲ ਮਾਰਗ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਦਾ ਦੂਜਾ ਸਭ ਤੋਂ ਵੱਡਾ ਪੋਰਟ, ਮੰਗਲਾ, ਬ੍ਰਾਡਗੇਜ ਰੇਲਵੇ ਨੈੱਟਵਰਕ ਨਾਲ ਜੁੜ ਗਿਆ ਹੈ। ਇਸੇ ਤਰ੍ਹਾਂ 1.6 ਅਰਬ ਅਮਰੀਕੀ ਡਾਲਰ ਦੇ ਭਾਰਤੀ ਰਿਆਇਤੀ ਵਿੱਤ ਪੋਸ਼ਣ ਯੋਜਨਾ ਕਰਜ਼ੇ ਦੇ ਅਧੀਨ ਮੈਤਰੀ ਸੁਪਰ ਥਰਮਲ ਪਾਵਰ ਪ੍ਰਾਜੈਕਟ, ਬੰਗਲਾਦੇਸ਼ ਦੇ ਖੁਲਨਾ ਡਿਵੀਜ਼ਨ ਦੇ ਰਾਮਪਾਲ ਸਥਿਤ 1320 ਮੈਗਾਵਾਟ (2 ਗੁਣਾ 660) ਦਾ ਸੁਪਰ ਥਰਮਲ ਪਾਵਰ ਪਲਾਂਟ (ਐੱਮ.ਐੱਸ.ਟੀ.ਪੀ.ਪੀ.) ਲਗਾਇਆ ਗਿਆ ਹੈ। ਮੈਤਰੀ ਸੁਪਰ ਥਰਮਲ ਬਿਜਲੀ ਪਲਾਂਟ ਦਾ ਸੰਚਾਲਨ ਬੰਗਲਾਦੇਸ਼ 'ਚ ਊਰਜਾ ਸੁਰੱਖਿਆ ਵਧਾਏਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8