ਸਾਰੇ ਪ੍ਰਧਾਨ ਮੰਤਰੀਆਂ 'ਚ ਚੁਣੀਆਂ ਸਰਕਾਰਾਂ ਦੇ ਮੁਖੀ ਵਜੋਂ ਮੋਦੀ ਦਾ ਕਾਰਜਕਾਲ ਸਭ ਤੋਂ ਲੰਬਾ
Friday, Aug 14, 2020 - 02:33 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਅਹੁਦੇ 'ਤੇ ਸਭ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਗੈਰ-ਕਾਂਗਰਸੀ ਨੇਤਾ ਬਣ ਗਏ ਹਨ। ਉੱਥੇ ਹੀ ਕੇਂਦਰ ਅਤੇ ਰਾਜ ਮਿਲਾ ਕੇ ਕਿਸੇ ਚੁਣੀ ਸਰਕਾਰ ਦੇ ਮੁਖੀ ਵਜੋਂ ਵੀ ਉਨ੍ਹਾਂ ਦਾ ਕਾਰਜਕਾਲ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀ 'ਚੋਂ ਸਭ ਤੋਂ ਲੰਬਾ ਹੋ ਗਿਆ ਹੈ। ਇਸ 'ਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ 'ਚ ਉਨ੍ਹਾਂ ਦਾ 12 ਸਾਲ ਤੋਂ ਵੱਧ ਦਾ ਕਾਰਜਕਾਲ ਸ਼ਾਮਲ ਹੈ। ਭਾਜਪਾ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੋਦੀ ਦਾ ਕਾਰਜਕਾਲ 18 ਸਾਲ 306 ਦਿਨ ਤੋਂ ਵੱਧ ਹੋ ਗਿਆ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੇਂਦਰ ਸਰਕਾਰ ਦੇ ਮੁਖੀ ਦੇ ਤੌਰ 'ਤੇ 16 ਸਾਲ ਅਤੇ 286 ਦਿਨ ਅਹੁਦੇ 'ਤੇ ਰਹੇ।
ਉਹ ਕਦੇ ਕਿਸੇ ਸੂਬਾ ਸਰਕਾਰ ਦੇ ਮੁਖੀਆ ਨਹੀਂ ਰਹੇ। ਇੰਦਰਾ ਗਾਂਧੀ ਕਿਸੇ ਨਵੀਂ ਚੁਣੀ ਸਰਕਾਰ ਦੇ ਮੁਖੀ ਦੇ ਰੂਪ ਵਜੋਂ ਕਾਰਜਕਾਲ ਦੇ ਲਿਹਾਜ ਨਾਲ ਤੀਜੇ ਸਥਾਨ 'ਤੇ ਆਉਂਦੀ ਹੈ, ਜੋ 15 ਸਾਲ ਅਤੇ 350 ਦਿਨ ਤੱਕ ਇਸ ਅਹੁਦੇ ਤੇ ਰਹੀ। ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਕਿਸੇ ਸੂਬੇ ਦੀ ਮੁੱਖ ਮੰਤਰੀ ਨਹੀਂ ਰਹੀ। ਵੈਸੇ ਤਾਂ ਪੱਛਮੀ ਬੰਗਾਲ 'ਚ ਜੋਤੀ ਬਸੂ ਅਤੇ ਸਿੱਕਮ 'ਚ ਪਵਨ ਕੁਮਾਰ ਚਾਮਲਿੰਗ ਸਮੇਤ ਕਈ ਮੁੱਖ ਮੰਤਰੀਆਂ ਦਾ ਕਾਰਜਕਾਲ ਸੂਬਾ ਸਰਕਾਰ ਦੀ ਅਗਵਾਈ 'ਚ ਰੂਪ 'ਚ ਮੋਦੀ ਤੋਂ ਵੱਧ ਰਿਹਾ ਹੈ ਪਰ ਉਨ੍ਹਾਂ 'ਚੋਂ ਕੋਈ ਕਦੇ ਪ੍ਰਧਾਨ ਮੰਤਰੀ ਨਹੀਂ ਰਹੇ। ਪ੍ਰਧਾਨ ਮੰਤਰੀ ਮੋਦੀ ਹੁਣ ਘੱਟੋ-ਘੱਟ 4 ਸਾਲ ਹੋਰ ਇਸ ਅਹੁਦੇ 'ਤੇ ਰਹਿਣਗੇ ਅਤੇ ਸੂਤਰਾਂ ਅਨੁਸਾਰ ਅਹੁਦੇ 'ਤੇ ਰਹਿਣ ਦਾ ਉਨ੍ਹਾਂ ਦਾ ਰਿਕਾਰਡ ਬਹੁਤ ਲੰਬੇ ਸਮੇਂ ਤੱਕ ਕਾਇਮ ਰਹਿ ਸਕਦਾ ਹੈ।