ਦੇਸ਼ ਨੂੰ ਧੋਖਾ ਦੇਣ ਤੇ ਲੁੱਟਣ ਵਾਲਿਆਂ ਨੂੰ ਨਹੀਂ ਛੱਡਾਂਗੇ : ਨਰਿੰਦਰ ਮੋਦੀ

Sunday, Jan 27, 2019 - 03:14 PM (IST)

ਦੇਸ਼ ਨੂੰ ਧੋਖਾ ਦੇਣ ਤੇ ਲੁੱਟਣ ਵਾਲਿਆਂ ਨੂੰ ਨਹੀਂ ਛੱਡਾਂਗੇ : ਨਰਿੰਦਰ ਮੋਦੀ

ਮਦੁਰੈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮਦੁਰੈ 'ਚ ਏਮਜ਼ (ਅਖਿਲ ਭਾਰਤੀ ਆਯੂਵਿਗਿਆਨ ਸੰਸਥਾ) ਦਾ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਇਸ ਦੌਰਾਨ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਇਸ ਦੇ ਨਾਲ ਹੀ ਪੀ.ਐੱਮ. ਨੇ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੀ ਮੰਸ਼ਾ 'ਤੇ ਸਵਾਲ ਚੁੱਕਿਆ। ਪੀ.ਐੱਮ. ਨੇ ਸਵੱਛ ਭਾਰਤ ਮੁਹਿੰਮ ਰਾਹੀਂ ਪਿੰਡ ਦੀ ਸਵੱਛਤਾ 'ਚ ਭਾਰੀ ਵਾਧਾ ਹੋਣ ਦੀ ਗੱਲ ਕਹੀ। ਤਾਮਿਲਨਾਡੂ ਤੋਂ ਬਾਅਦ ਪੀ.ਐੱਮ. ਮੋਦੀ ਕੇਰਲ ਦੇ ਕੋਚੀ ਦਾ ਦੌਰਾ ਵੀ ਕਰਨ ਵਾਲੇ ਹਨ। ਪੀ.ਐੱਮ. ਮੋਦੀ ਨੇ ਇਸ ਦੌਰਾਨ ਕਾਂਗਰਸ 'ਤੇ ਇਸ਼ਾਰਿਆਂ 'ਚ ਨਿਸ਼ਾਨਾ ਸਾਧਦੇ ਹੋਏ ਕਿਹਾ,''ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਭਰਾ-ਭਤੀਜਾਵਾਦ ਤੋਂ ਛੁਟਕਾਰਾ ਦਿਵਾਉਣ ਲਈ ਪ੍ਰਭਾਵੀ ਕਦਮ ਚੁੱਕ ਰਹੇ ਹਨ। ਅਜਿਹਾ ਕੋਈ ਵੀ ਵਿਅਕਤੀ ਜਿਸ ਨੇ ਦੇਸ਼ ਨੂੰ ਧੋਖਾ ਦਿੱਤਾ ਹੈ ਜਾਂ ਲੁੱਟਿਆ ਹੈ, ਉਸ ਨੂੰ ਨਹੀਂ ਛੱਡਿਆ ਜਾਵੇਗਾ। 50 ਸਾਲਾਂ 'ਚ ਜੋ ਕੰਮ ਸ਼ੁਰੂ ਨਾ ਹੋ ਸਕਿਆ, ਉਸ ਨੂੰ ਸਾਡੀ ਸਰਕਾਰ ਨੇ ਸ਼ੁਰੂ ਕੀਤਾ।''
 

ਕੁਝ ਲੋਕ ਪੈਦਾ ਕਰ ਰਹੇ ਅੰਧਵਿਸ਼ਵਾਸੀ ਮਾਹੌਲ
ਪੀ.ਐੱਮ. ਨੇ ਆਪਣੇ ਦੌਰੇ ਦਾ ਵਿਰੋਧ ਕਰ ਰਹੇ ਦਲਾਂ 'ਤੇ ਹਮਲਾ ਕਰਦੇ ਹੋਏ ਕਿਹਾ,''ਇਹ ਮੰਦਭਾਗੀ ਹੈ ਕਿ ਕੁਝ ਲੋਕਾਂ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਤਾਮਿਲਨਾਡੂ 'ਚ ਸ਼ੱਕ ਅਤੇ ਅੰਧ ਵਿਸ਼ਵਾਸ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੀਆਂ ਨਕਾਰਾਤਮਕ ਗੱਲਾਂ ਦੇ ਪ੍ਰਤੀ ਸਰਗਰਮ ਰਹੇ। ਕੋਈ ਵੀ ਅਜਿਹਾ ਸਿਆਸੀ ਵਿਚਾਰ ਜੋ ਗਰੀਬਾਂ ਦਾ ਵਿਰੋਧ ਕਰਦਾ ਹੋਵੇ, ਕਿਸੇ ਨੂੰ ਵੀ ਕਦੇ ਲਾਭ ਨਹੀਂ ਪਹੁੰਚਾ ਸਕਦਾ।'' ਪੀ.ਐੱਮ. ਨੇ ਇਸ ਦੌਰਾਨ ਵੇਲਾਰ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ ਤੁਹਾਡੇ ਨਾਲ ਇਕ ਹੋਰ ਮੁੱਦੇ ਦੀ ਗੱਲ ਕਰਨਾ ਚਾਹੁੰਦਾ ਹੈ। ਇਹ ਦੇਵੇਂਦਰ ਕੁਲਾ ਵੇਲਾਰ ਭਾਈਚਾਰੇ ਨਾਲ ਜੁੜੀ ਹੋਈ ਹੈ ਅਤੇ ਅਸੀਂ ਇਸ ਭਾਈਚਾਰੇ ਲਈ ਨਿਆਂ ਯਕੀਨੀ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਮੌਕੇ ਪ੍ਰਦਾਨ ਕੀਤੇ ਹਨ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਸੰਬੰਧ 'ਚ ਮਹੱਤਵਪੂਰਨ ਤਰੱਕੀ ਹੋਈ ਹੈ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਾਈਚਾਰੇ ਦੇ ਨਾਲ ਨਿਆਂ ਕੀਤਾ ਜਾਵੇਗਾ।'' ਪੀ.ਐੱਮ. ਨੇ ਇਸ ਦੌਰਾਨ ਮਦੁਰੈ ਦੇ ਲੋਕਾਂ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਤੋਂ ਨਕਾਰਾਤਮਕ ਤਾਕਤਾਂ ਨੂੰ ਨਕਾਰਨ ਦੀ ਅਪੀਲ ਕੀਤੀ।
 

ਸਾਡਾ ਮਕਸਦ ਸਾਰਿਆਂ ਨੂੰ ਵਿਕਾਸ ਦਾ ਫਾਇਦਾ ਦੇਣਾ
ਜਨਰਲ ਕੈਟੀਗਰੀਆਂ ਨੂੰ ਰਾਖਵਾਂਕਰਨ ਦੇਣ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਨੇ ਕਿਹਾ,''ਸਾਡਾ ਮਕਸਦ ਹੈ ਕਿ ਸਾਰਿਆਂ ਨੂੰ ਵਿਕਾਸ ਦਾ ਫਾਇਦਾ ਮਿਲੇ। ਕੇਂਦਰ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਭਾਵਨਾ ਦੇ ਨਾਲ ਅਸੀਂ ਆਮ ਵਰਗ ਦੇ ਗਰੀਬ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ।'' ਪ੍ਰਧਾਨ ਮੰਤਰੀ ਨੇ 200 ਏਕੜ 'ਚ ਬਣਨ ਵਾਲੇ 1500 ਕਰੋੜ ਦੀ ਲਾਗਤ ਦੇ ਮਦੁਰੈ ਏਮਜ਼ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,''ਕੇਂਦਰ ਦੀ ਐੱਨ.ਡੀ.ਏ. ਸਰਕਾਰ ਸਿਹਤ ਸੇਵਾਵਾਂ ਨੂੰ ਪਹਿਲ ਦੇ ਰਹੀ ਹੈ। ਸਾਡਾ ਮਕਸਦ ਹੈ ਕਿ ਹਰ ਵਿਅਕਤੀ ਸਿਹਤਮੰਦ ਹੋਵੇ ਅਤੇ ਸਿਹਤ ਸਹੂਲਤਾਂ ਜਨਤਾ ਦੀ ਪਹੁੰਚ 'ਚ ਹੋਣ। ਮੈਂ ਅੱਜ ਮਦੁਰੈ, ਤੰਜਾਵੁਰ ਅਤੇ ਤਿਰੂਨੇਲਵੇਲੀ ਮੈਡੀਕਲ ਕਾਲਜਾਂ ਦੇ ਸੁਪਰਸਪੈਸ਼ਲਿਟੀ ਬਲਾਕ ਦਾ ਉਦਘਾਟਨ ਕਰ ਕੇ ਬੇਹੱਦ ਖੁਸ਼ ਹਾਂ।''
 

9 ਕਰੋੜ ਟਾਇਲਟ ਬਣਵਾਏ ਗਏ
ਪੀ.ਐੱਮ. ਨੇ ਸਵੱਛ ਭਾਰਤ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਕਿਹਾ,''ਸਵੱਛ ਭਾਰਤ ਹੁਣ ਇਕ ਜਨ ਅੰਦੋਲਨ ਬਣ ਗਿਆ ਹੈ। 2014 'ਚ 38 ਫੀਸਦੀ ਪਿੰਡ ਸਵੱਛਤਾ ਦਾ ਅੰਕੜਾ ਹੁਣ ਵਧ ਕੇ 98 ਫੀਸਦੀ ਪਹੁੰਚ ਗਿਆ ਹੈ। ਇਸ ਮਿਆਦ ਦੌਰਾਨ ਅਸੀਂ 9 ਕਰੋੜ ਟਾਇਲਟ ਬਣਵਾਏ। ਇਨ੍ਹਾਂ 'ਚੋਂ ਇਕੱਲੇ ਤਾਮਿਲਨਾਡੂ 'ਚ 47 ਲੱਖ ਟਾਇਲਟਾਂ ਦਾ ਨਿਰਮਾਣ ਹੋਇਆ ਹੈ।''
 

ਮੋਦੀ ਦੀ ਯਾਤਰਾ ਦਾ ਹੋਇਆ ਵਿਰੋਧ
ਹਾਲਾਂਕਿ ਉਨ੍ਹਾਂ ਦੇ ਇਸ ਦੌਰੇ ਦਰਮਿਆਨ ਰਾਜ 'ਚ ਸਵੇਰ ਤੋਂ ਜਗ੍ਹਾ-ਜਗ੍ਹਾ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਮਦੁਰੈ 'ਚ ਐੱਮ.ਡੀ.ਐੱਮ.ਕੇ. ਚੀਫ ਵਾਈਕੋ ਨੇ ਪ੍ਰਧਾਨ ਮੰਤਰੀ ਮਦੁਰੈ ਯਾਤਰਾ ਦੇ ਵਿਰੋਧ 'ਚ ਪ੍ਰਦਰਸ਼ਨ ਦੀ ਅਗਵਾਈ ਕੀਤੀ। ਕਈ ਥਾਂ 'ਮੋਦੀ ਗੋ ਬੈਕ' ਦੇ ਨਾਅਰੇ ਲਗਾਏ ਗਏ ਅਤੇ ਬੈਨਰ-ਪੋਸਟਰ ਲਹਿਰਾਏ ਗਏ।


author

DIsha

Content Editor

Related News