ਰਾਸ਼ਟਰਪਤੀ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ’ਚ ਅਟਲ ਸੁਰੰਗ ਦਾ ਕੀਤਾ ਦੌਰਾ

06/11/2022 2:48:56 PM

ਸ਼ਿਮਲਾ– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਅਟਲ ਸੁਰੰਗ ਰੋਹਤਾਂਗ ਦਾ ਦੌਰਾ ਕੀਤਾ। ਅਟਲ ਸੁਰੰਗ 10,000 ਫੁੱਟ ਤੋਂ ਵੱਧ ਦੀ ਉੱਚਾਈ ’ਤੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਸ਼ੁੱਕਵਾਰ ਨੂੰ ਦੋ ਦਿਨਾਂ ਦੌਰੇ ’ਤੇ ਹਿਮਾਚਲ ਪਹੁੰਚੇ ਸਨ। ਰਾਸ਼ਟਰਪਤੀ ਨੇ ਲਾਹੌਲ-ਸਪੀਤੀ ਜ਼ਿਲ੍ਹੇ ਦੀ ਲਾਹੌਲ ਘਾਟੀ ’ਚ ਉੱਤਰੀ ਦੁਆਰ ਤੋਂ ਸੁਰੰਗ ’ਚ ਪ੍ਰਵੇਸ਼ ਕੀਤਾ ਅਤੇ 9.02 ਕਿਲੋਮੀਟਰ ਦੀ ਦੂਰੀ ਤੈਅ ਕਰਨ ਮਗਰੋਂ ਕੁੱਲੂ ਜ਼ਿਲ੍ਹੇ ਦੇ ਮਨਾਲੀ ’ਚ ਸੁਰੰਗ ਦੇ ਦੱਖਣੀ ਦੁਆਰ ’ਤੇ ਪਹੁੰਚੇ। 

PunjabKesari

ਅਟਲ ਸੁਰੰਗ ਦਾ ਦੌਰਾ ਕਰਨ ਤੋਂ ਬਾਅਦ ਕੋਵਿੰਦ ਨੇ ਇਸ ਦੇ ਨਿਰਮਾਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਰੰਗ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ ਸੁਰੰਗ ਦੇ ਉੱਤਰੀ ਗੇਟ ਨੇੜੇ ਸੀਸੂ ਪਿੰਡ ਪਹੁੰਚੇ। ਇੱਥੇ ਪਹੁੰਚਣ 'ਤੇ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਰਾਸ਼ਟਰਪਤੀ ਨੂੰ ਥੰਕਾ ਪੇਂਟਿੰਗ ਭੇਂਟ ਕੀਤੀ। ਇਸ ਮੌਕੇ 'ਤੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਰਾਮ ਲਾਲ ਮਾਰਕੰਡਾ ਵੀ ਮੌਜੂਦ ਸਨ। 

PunjabKesari

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰਰੇ ਵਿਚ 13,058 ਫੁੱਟ ਉੱਚੇ ਪਹਾੜ ਦੇ ਹੇਠਾਂ ਬਣੀ ਅਟਲ ਸੁਰੰਗ ਰੋਹਤਾਂਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ, 2020 ਨੂੰ ਕੀਤਾ ਸੀ। ਇਹ ਸੁਰੰਗ ਹਰ ਮੌਸਮ ਵਿਚ ਖੁੱਲ੍ਹੀ ਰਹਿੰਦੀ ਹੈ। ਇਹ ਸੁਰੰਗ ਹਿਮਾਚਲ ਪ੍ਰਦੇਸ਼ ’ਚ ਲਾਹੌਲ-ਸਪੀਤੀ ਜ਼ਿਲ੍ਹੇ ਦੇ ਲਾਹੌਲ ਅਤੇ ਕੁੱਲੂ ਜ਼ਿਲ੍ਹੇ ਵਿਚ ਮਨਾਲੀ ਨੂੰ ਜੋੜਦੀ ਹੈ। ਇਹ ਸੁਰੰਗ ਸੈਲਾਨੀਆਂ ਵਿਚਾਲੇ ਬਹੁਤ ਮਸ਼ਹੂਰ ਹੋ ਗਈ ਹੈ। ਰਾਸ਼ਟਰਪਤੀ ਕੋਵਿੰਦ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਛੇਵੇਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ਲਈ ਧਰਮਸ਼ਾਲਾ ਪੁੱਜੇ ਸਨ।


Tanu

Content Editor

Related News