ਵਿਆਹੁਤਾ ਨੂੰ ਇਨਸਾਫ਼ ਦਿਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਨਰੋਟ ਥਾਣੇ ਦਾ ਕੀਤਾ ਘਿਰਾਓ
Tuesday, Apr 29, 2025 - 11:16 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਵਿਆਹੁਤਾ ਨੂੰ ਇਨਸਾਫ ਦਿਵਾਉਣ ਲਈ ਪੁਲਸ ਥਾਣਾ ਨਰੋਟ ਜੈਮਲ ਸਿੰਘ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਮੱਦੇਪੁਰ (ਦੀਨਾਨਗਰ) ਦੀ ਇਕ ਲੜਕੀ ਤਲੂਰ ਵਿਖੇ ਅੱਜ ਤੋਂ 12 ਸਾਲ ਪਹਿਲਾਂ ਵਿਆਹੀ ਗਈ ਸੀ, ਪਰੰਤੂ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਬੱਚਾ ਨਾ ਹੋਣ ਕਾਰਨ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਕਈ ਵਾਰ ਪਿੰਡ ਅਤੇ ਇਲਾਕੇ ਦੇ ਮੋਹਤਬਰਾਂ ਨੇ ਵਿੱਚ ਪੈ ਕੇ ਸੁਲਾਹ-ਸਫਾਈ ਕਰਵਾਈ ਪਰ ਬੀਤੇ ਦਿਨੀਂ ਪੀੜਤ ਔਰਤ ਦੇ ਪਤੀ ਸੋਹਣ ਲਾਲ ਉਰਫ਼ ਸੋਨੂੰ ਵੱਲੋਂ ਆਪਣੇ ਪਰਿਵਾਰ ਨਾਲ ਮਿਲੀਭੁਗਤ ਕਰਕੇ ਕਿਸੇ ਹੋਰ ਲੜਕੀ ਨਾਲ ਨਾਜਾਇਜ਼ ਸਬੰਧ ਬਣਾਏ। ਜਦੋਂ ਪੀੜਤ ਔਰਤ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ 16 ਅਪ੍ਰੈਲ ਨੂੰ ਉਸਦੀ ਸੱਸ-ਸਹੁਰਾ, ਜੇਠ ਅਤੇ ਜੇਠਾਣੀ ਵੱਲੋਂ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਸੀ। 16 ਅਪ੍ਰੈਲ ਤੋਂ ਲੈ ਕੇ ਅੱਜ 29 ਅਪ੍ਰੈਲ ਤੱਕ ਪੁਲਸ ਵੱਲੋਂ ਮੈਡੀਕਲ ਲੀਗਲ ਰਿਪੋਰਟ ਆਉਣ ਦੇ ਬਾਵਜੂਦ ਪਰਚਾ ਦਰਜ ਨਹੀਂ ਕੀਤਾ ਗਿਆ ਸੀ ਜਿਸ ਖਿਲਾਫ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਮੱਦੇਪੁਰ ਅਤੇ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੇ ਪੁਲਸ ਥਾਣਾ ਨਰੋਟ ਜੈਮਲ ਸਿੰਘ ਦਾ ਘਿਰਾਓ ਕੀਤਾ।
ਇਹ ਵੀ ਪੜ੍ਹੋ : ਸ਼ਰਮਨਾਕ! ਕੁੜੀ ਨੂੰ ਅਗਵਾ ਕਰ ਕੇ ਲੈ ਗਿਆ ਨਾਬਾਲਗ ਮੁੰਡਾ, ਅਗਲੇ ਦਿਨ ਪਿਤਾ ਨੂੰ ਫ਼ੋਨ ਕਰ...
ਲਗਾਤਾਰ ਕਈ ਘੰਟੇ ਚੱਲੇ ਇਸ ਘਿਰਾਓ ਤੋਂ ਬਾਅਦ ਪੁਲਸ ਥਾਣਾ ਨਰੋਟ ਜੈਮਲ ਸਿੰਘ ਦੇ ਐੱਸਐੱਚਓ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਕਤ ਮੁਲਜ਼ਮ ਸਮੇਤ ਹੋਰਨਾਂ ਵਿਅਕਤੀਆਂ ਖ਼ਿਲਾਫ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਥਾਣੇ ਦਾ ਘਿਰਾਓ ਖਤਮ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰੰਗਾਲਾ, ਵਿਜੇ ਕੁਮਾਰ ਜਗਤਪੁਰ, ਸੂਰਤੀ ਲਾਲ, ਬਚਨ ਸਿੰਘ, ਮੁਖਤਿਆਰ ਸਿੰਘ ਮਾਨ ਸਿੰਘਪੁਰ, ਸੁਖਵਿੰਦਰਪਾਲ ਸਿੰਘ ਪੰਨੂ, ਪਿੰਡ ਮੱਦੇਪੁਰ ਦੇ ਸਰਪੰਚ ਰੁਪਿੰਦਰ ਸਿੰਘ ਤੇ ਅਜਮੇਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8