ਪੋਟਾ ਕੇਬਿਨ ਸਕੂਲ ਦੇ ਵਿਦਿਆਰਥੀ ਤੋਂ ਮਿਲਿਆ ਸਮਾਰਟ ਫੋਨ, ਨਕਸਲੀਆਂ ਦੇ ਵੀਡੀਓ, ਫੋਟੋ ਵੀ ਮਿਲੇ

04/23/2019 5:04:01 PM

ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ 'ਚ ਸਰਕਾਰੀ ਪੋਟਾ ਕੇਬਿਨ ਸਕੂਲ 'ਚ ਰਹਿਣ ਵਾਲੇ ਮਾਸੂਮ ਵਿਦਿਆਰਥੀਆਂ ਤੋਂ ਨਕਸਲੀ ਆਪਣਾ ਕੰਮ ਕਰਵਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਦੰਤੇਵਾੜਾ ਦੇ ਕੁਆਕੋਂਡਾ ਪੋਟਾ ਕੇਬਿਨ ਸਕੂਲ 'ਚ 7ਵੀਂ 'ਚ ਪੜ੍ਹਨ ਵਾਲਾ ਵਿਦਿਆਰਥੀ ਨਕਸਲੀਆਂ ਲਈ ਦਵਾਈ ਸਪਲਾਈ ਦਾ ਕੰਮ ਕਰਦਾ ਸੀ। ਪੁਲਸ ਨੇ ਇਸ ਵਿਦਿਆਰਥੀ ਨੂੰ ਸੋਮਵਾਰ ਨੂੰ ਗੁਡਾਰਾ ਪਿੰਡ ਕੋਲੋਂ ਫੜਿਆ ਹੈ। ਪੁਲਸ ਨੇ ਜਾਂਚ 'ਚ ਵਿਦਿਆਰਥੀ ਕੋਲੋਂ ਉਹ ਮੋਬਾਇਲ ਵੀ ਜ਼ਬਤ ਕੀਤਾ ਹੈ, ਜਿਸ 'ਚ ਨਕਸਲੀ ਲੀਡਰਾਂ ਦੀਆਂ ਕਈ ਸਾਰੀਆਂ ਤਸਵੀਰਾਂ ਅਤੇ ਵੀਡੀਓ ਮਿਲੇ ਹਨ। ਇਹ ਵਿਦਿਆਰਥੀ ਛੁੱਟੀ ਦੇ ਸਮੇਂ ਪੋਟਾ ਕੇਬਿਨ ਤੋਂ ਦਵਾਈ ਅਤੇ ਹੋਰ ਸਾਮਾਨ ਚੋਰੀ ਕਰ ਕੇ ਨਕਸਲੀਆਂ ਨੂੰ ਸੌਂਪਦਾ ਸੀ।

ਪੋਟਾ ਕੇਬਿਨ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਕੋਲ ਸਮਾਰਟਫੋਨ ਹੋਣਾ ਆਪਣੇ ਆਪ 'ਚ ਇਕ ਵੱਡੀ ਗੱਲ ਹੈ। ਵਿਦਿਆਰਥੀਆਂ ਦੇ ਮੋਬਾਇਲ 'ਚ ਨਕਸਲੀਆਂ ਵਲੋਂ ਬਣਾਈ ਗਈ ਹਥਿਆਰ ਚਲਾਉਣ ਦੀ ਟਰੇਨਿੰਗ ਅਤੇ ਕਈ ਸਾਰੇ ਵੀਡੀਓ ਫੁਟੇਜ ਮਿਲੇ ਹਨ। ਫੋਟੋ ਵੀਡੀਓ ਨੂੰ ਪੋਟਾ ਕੇਬਿਨ ਸਕੂਲ 'ਚ ਬੱਚੇ ਚੋਰੀ-ਚੋਰੀ ਦੇਖਦੇ ਸਨ। ਵਿਦਿਆਰਥੀ ਕੋਲੋਂ ਬਰਾਮਦ ਸਮਾਰਟਫੋਨ ਨਾਲ ਇਲਾਕੇ 'ਚ ਹੜਕੰਪ ਮਚਿਆ ਹੋਇਆਹੈ। ਪੁਲਸ ਵਿਦਿਆਰਥੀ ਕੋਲੋਂ ਜ਼ਬਤ ਕੀਤੇ ਗਏ ਮੋਬਾਇਲ ਦੀ ਜਾਂਚ ਕਰ ਰਹੀ ਹੈ। ਪੁਲਸ ਕਮਿਸ਼ਨਰ ਡਾ. ਅਭਿਸ਼ੇਕ ਪਲੱਵ ਨੇ ਦੱਸਿਆ ਕਿ ਵਿਦਿਆਰਥੀ ਤੋਂ ਕਈ ਨਕਸਲੀ ਲੀਡਰਾਂ ਦੇ ਫੋਟੋ ਅਤੇ ਟਰੇਨਿੰਗ ਦੇ ਵੀਡੀਓ ਮਿਲੇ ਹਨ, ਜਿਸ ਦੇ ਆਧਾਰ 'ਤੇ ਵਿਦਿਆਰਥੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦਾ ਨਕਸਲੀਆਂ ਨੂੰ ਸਹਿਯੋਗ ਕੀਤੇ ਜਾਣ ਦੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਕਸਲੀ ਮਾਸੂਮ ਵਿਦਿਆਰਥੀ-ਵਿਦਿਆਰਥਣਾਂ ਨੂੰ ਨਕਸਲੀ ਸੰਗਠਨ ਲਈ ਕੰਮ ਕਰਵਾਉਣ ਲਈ ਮਜ਼ਬੂਰ ਕਰ ਰਹੇ ਹਨ।


DIsha

Content Editor

Related News