ਖਾਕੀ ਫਿਰ ਹੋਈ ਦਾਗਦਾਰ: ਕਿੰਨਰ ਦੇ ਦਮ 'ਤੇ ਜਾਲ ਵਿਛਾ ਕੇ ਪੇਟੀਐਮ ਰਾਹੀਂ ਰਿਸ਼ਵਤ ਲੈਂਦੀ ਹੈ ਪੁਲਸ
Thursday, Aug 20, 2020 - 03:24 AM (IST)
ਸੋਨੀਪਤ (ਪਵਨ ਰਾਠੀ) : ਹਰਿਆਣਾ ਪੁਲਸ ਉਂਝ ਤਾਂ ਹਮੇਸ਼ਾ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ। ਪਰ ਇਸ ਵਾਰ ਸੋਨੀਪਤ ਜ਼ਿਲ੍ਹੇ ਦੀ ਪੁਲਸ ਨੇ ਜੋ ਕਾਰਨਾਮਾ ਕੀਤਾ ਹੈ ਉਹ ਡਿਜੀਟਲ ਤਰੀਕੇ ਨਾਲ ਕੀਤਾ ਹੈ ਅਤੇ ਇਸ 'ਚ ਕਿੰਨਰ ਦਾ ਸਹਾਰਾ ਵੀ ਲਿਆ ਹੈ। ਦਰਅਸਲ ਸੋਨੀਪਤ ਪੁਲਸ ਹੁਣ ਰਿਸ਼ਵਤ ਨਗਦੀ 'ਚ ਨਹੀਂ ਸਗੋਂ ਰਿਸ਼ਵਤ ਪੇਟੀਐਮ ਰਾਹੀਂ ਲੈਣ ਲੱਗੀ ਹੈ। ਸ਼ਹਿਰ ਦੇ ਲੋਕਾਂ ਨੂੰ ਜਾਲ 'ਚ ਫਸਾਉਣ ਲਈ ਕਿੰਨਰ ਦਾ ਸਹਾਰਾ ਲੈ ਕੇ ਪੁਲਸ ਨੇ ਪੈਸੇ ਲੁੱਟਣ ਦਾ ਨਵਾਂ ਖੇਡ ਸ਼ੁਰੂ ਕੀਤਾ ਹੈ।
ਇੰਝ ਵਿਛਾਇਆ ਜਾਂਦਾ ਹੈ ਜਾਲ
ਸੋਨੀਪਤ 'ਚ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਦੇ ਮੁਤਾਬਕ, ਪੁਲਸ ਮੁਲਾਜ਼ਮ ਪਹਿਲਾਂ ਕਿੰਨਰ ਨੂੰ ਰਾਤ ਦੇ ਸਮੇਂ ਮਦਦ ਦੇ ਬਹਾਨੇ ਵਾਹਨ ਚਾਲਕਾਂ ਨੂੰ ਰੋਕਣ ਲਈ ਭੇਜ ਦਿੰਦਾ ਹੈ। ਜੇਕਰ ਕੋਈ ਚਾਲਕ ਗਲਤੀ ਨਾਲ ਕਿੰਨਰ ਦੀ ਮਦਦ ਲਈ ਗੱਡੀ ਰੋਕਦਾ ਤਾਂ ਕੁੱਝ ਦੇਰ 'ਚ ਹੀ ਉਸ 'ਤੇ ਕਿੰਨਰ ਨਾਲ ਛੇੜਛਾੜ ਦੇ ਝੂਠੇ ਦੋਸ਼ ਲੱਗ ਜਾਂਦੇ ਹਨ, ਜਿਸ ਤੋਂ ਬਾਅਦ ਸਮਝੌਤੇ ਦੇ ਨਾਮ 'ਤੇ ਫਿਰ ਪੁਲਸ ਮੁਲਾਜ਼ਮ ਪੈਸੇ ਲੁੱਟਣ ਲੱਗਦਾ ਹੈ। ਇਹ ਮਾਮਲਾ ਸ਼ਹਿਰ ਦੇ ਅਗਰਸੇਨ ਚੌਕ ਦਾ ਹੈ ਜਿੱਥੇ ਸਕੂਟਰੀ ਸਵਾਰ ਨੂੰ ਰੋਕਿਆ ਗਿਆ ਅਤੇ ਛੇੜਛਾੜ ਕਰਨ ਦੀ ਗੱਲ ਕਹਿੰਦੇ ਹੋਏ ਕਾਰਵਾਈ ਦਾ ਡਰ ਦਿਖਾ ਕੇ 2000 ਰੁਪਏ ਪੇਟੀਐਮ ਰਾਹੀਂ ਵਸੂਲੇ ਗਏ। ਮਾਮਲਾ ਐੱਸ.ਪੀ. ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਤੁਰੰਤ ਡੀ.ਐੱਸ.ਪੀ. ਸਿਟੀ ਨੂੰ ਇੱਕ ਦਿਨ 'ਚ ਜਾਂਚ ਕਰ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਸੋਨੀਪਤ ਨਿਵਾਸੀ ਨਿਰਮਲ ਕਿਸ਼ੋਰ ਨੇ ਦੱਸਿਆ ਕਿ ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਛੱਡ ਕੇ ਸਕੂਟਰੀ 'ਤੇ ਅਗਰਸੈਨ ਚੌਕ ਤੋਂ ਘਰ ਪਰਤ ਰਿਹਾ ਸੀ। ਜਦੋਂ ਉਹ ਉੱਥੇ ਜਾਣ ਲੱਗਾ ਤਾਂ ਅਚਾਨਕ ਇੱਕ ਕਿੰਨਰ ਸਕੂਟਰੀ ਦੇ ਅੱਗੇ ਆ ਗਿਆ। ਜਿਸ ਨੂੰ ਦੇਖ ਕੇ ਉਸਨੇ ਧਿਆਨ ਨਾਲ ਸੜਕ ਪਾਰ ਕਰਨ ਨੂੰ ਕਹਿ ਦਿੱਤਾ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਆਇਆ ਤਾਂ ਉਸ ਦੇ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਕਿੰਨਰ ਨਾਲ ਛੇੜਛਾੜ ਕੀਤੀ ਹੈ। ਬਾਵਜੂਦ ਪੁਲਸ ਮੁਲਾਜ਼ਮ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਫੜ ਕੇ ਫੁੱਟਪਾਥ 'ਤੇ ਲੈ ਗਿਆ। ਉਹ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਮਾਰਨ ਲੱਗਾ। ਜਦੋਂ ਉਸ ਨੇ ਉਸ ਨੂੰ ਛੱਡਣ ਨੂੰ ਕਿਹਾ ਤਾਂ ਉਸਨੇ 2000 ਰੁਪਏ ਦੀ ਡਿਮਾਂਡ ਕਰ ਦਿੱਤੀ।
ਨਿਰਮਲ ਨੇ ਦੱਸਿਆ ਕਿ ਉਸ ਨੇ ਨਕਦ ਪੈਸੇ ਨਹੀਂ ਹੋਣ ਦੀ ਗੱਲ ਕਹੀ। ਜਿਸ 'ਤੇ ਪੁਲਸ ਮੁਲਾਜ਼ਮ ਨੇ ਉਸ ਨੂੰ ਮੋਬਾਇਲ ਨੰਬਰ ਦੇ ਕੇ ਪੇਟੀਐਮ ਕਰਨ ਨੂੰ ਕਿਹਾ। ਉਸ ਨੇ 1800 ਰੁਪਏ ਅਤੇ 200 ਰੁਪਏ ਦੋ ਵਾਰ 'ਚ ਉਸ ਦੇ ਦਿੱਤੇ ਮੋਬਾਇਲ ਨੰਬਰ 'ਤੇ ਪੇਟੀਐਮ ਕੀਤਾ। ਪੈਸੇ ਪੇਟੀਐਮ ਹੋਣ ਤੋਂ ਬਾਅਦ ਹੀ ਉਸ ਨੂੰ ਜਾਣ ਦਿੱਤਾ ਗਿਆ।
ਪੀੜਤ ਦਾ ਦੋਸ਼ ਹੈ ਕਿ ਉਸਨੇ ਸੈਕਟਰ-14 ਕੱਟ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਇਸ ਬਾਰੇ ਜਾਣੂ ਕਰਵਾਇਆ। ਜਿਸ 'ਤੇ ਉਨ੍ਹਾਂ ਨੇ ਉਸ ਨੂੰ ਮੌਕੇ 'ਤੇ ਚੱਲਣ ਨੂੰ ਕਿਹਾ। ਨਾਲ ਹੀ ਉਹ ਸੈਕਟਰ-12 ਵੱਲ ਚਲੇ ਗਏ। ਸੋਮੇਸ਼ ਦਾ ਕਹਿਣਾ ਹੈ ਕਿ ਉਹ ਘਬਰਾ ਗਿਆ ਸੀ ਅਤੇ ਉਸ ਤੋਂ ਬਾਅਦ ਘਰ ਚਲਾ ਗਿਆ।
ਉਥੇ ਹੀ ਮਾਮਲੇ 'ਚ ਜਾਂਚ ਕਰ ਰਹੇ ਡੀ.ਐੱਸ.ਪੀ. ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਸ਼ਿਕਾਇਤ ਆਈ ਹੈ ਜਿਸ 'ਚ ਉਨ੍ਹਾਂ ਦੇ ਮੁਲਾਜ਼ਮ ਏ.ਐੱਸ.ਆਈ. ਰਣਬੀਰ 'ਤੇ 2000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਮਾਮਲੇ 'ਚ ਸਕੂਟਰੀ ਸਵਾਰ ਨਾਲ ਕੁੱਟਮਾਰ ਕਰ 2000 ਰੁਪਏ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਹੈ। ਮੌਕੇ 'ਤੇ ਮੌਜੂਦ ਦੋ ਐੱਸ.ਪੀ.ਓ. ਅਤੇ ਅਧਿਕਾਰੀ ਰਣਵੀਰ ਨੂੰ ਜਾਂਚ ਲਈ ਬੁਲਾਇਆ ਗਿਆ ਹੈ, ਛੇਤੀ ਹੀ ਮਾਮਲੇ 'ਚ ਜਾਂਚ ਰਿਪੋਰਟ ਸੋਨੀਪਤ ਐੱਸ.ਪੀ. ਨੂੰ ਸੌਂਪ ਦਿੱਤੀ ਜਾਵੇਗੀ।