ਪੁਲਸ ਨੇ ਸੁਦੀਕਸ਼ਾ ਭਾਟੀ ਮੌਤ ਮਾਮਲੇ ''ਚ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Sunday, Aug 16, 2020 - 12:18 PM (IST)
ਬੁਲੰਦਸ਼ਹਿਰ- ਬੁਲੰਦਸ਼ਹਿਰ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ 20 ਸਾਲਾ ਵਿਦਿਆਰਥਣ ਸੁਦੀਕਸ਼ਾ ਭਾਟੀ ਮੌਤ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੁਦੀਕਸ਼ਾ ਭਾਟੀ ਗੌਤਮਬੁੱਧਨਗਰ ਜ਼ਿਲ੍ਹੇ ਦੇ ਦਾਦਰੀ ਸਥਿਤ ਡੇਰੀ ਸਕੇਨਰ ਪਿੰਡ ਦੀ ਰਹਿਣ ਵਾਲੀ ਸੀ ਅਤੇ 10 ਅਗਸਤ ਨੂੰ ਬੁਲੰਦਸ਼ਹਿਰ ਜ਼ਿਲ੍ਹੇ 'ਚ ਉਸ ਦੀ ਮੌਤ ਸੜਕ ਹਾਦਸੇ 'ਚ ਉਦੋਂ ਹੋਈ, ਜਦੋਂ ਉਹ ਰਿਸ਼ਤੇ ਦੇ ਆਪਣੇ ਛੋਟੇ ਭਰਾ ਨਾਲ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬੈਠ ਕੇ ਕਿਤੇ ਜਾ ਰਹੀ ਸੀ। ਮੋਟਰਸਾਈਕਲ ਚੱਲਾ ਰਿਹਾ ਉਸ ਦਾ ਭਰਾ ਨਾਬਾਲਗ ਹੈ।
ਪੁਲਸ ਨੇ ਕਿਹਾ ਕਿ ਉਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ 2 ਲੋਕਾਂ- ਦੀਪਕ ਚੌਧਰੀ ਅਤੇ ਰਾਜੂ ਨੂੰ ਗ੍ਰਿਤਾਰ ਕੀਤਾ ਹੈ। ਸੁਦੀਕਸ਼ਾ ਇਕ ਪ੍ਰਤਿਭਾਸ਼ਾਲੀ ਵਿਦਿਆਰਥਣ ਸੀ ਅਤੇ ਅਮਰੀਕਾ ਦੇ ਮੈਸਾਚੁਸੇਟਸ ਸਥਿਤ ਬਾਬਸਨ ਕਾਲੇਜ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਸੀ ਅਤੇ 20 ਅਗਸਤ ਨੂੰ ਉਸ ਨੂੰ ਵਾਪਸ ਜਾਣਾ ਸੀ। ਸੁਦੀਕਸ਼ਾ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ 2 ਅਣਪਛਾਤੇ ਲੋਕਾਂ ਵਲੋਂ ਉਨ੍ਹਾਂ ਦਾ ਪਿੱਛਾ ਕੀਤੇ ਜਾਣ ਅਤੇ ਸ਼ੋਸ਼ਣ ਕਰਨ ਕਾਰਨ ਇਹ ਹਾਦਸਾ ਹੋਇਆ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਕੁਝ ਲੋਕ ਇਸ ਮਾਮਲੇ ਨੂੰ ਦੂਜਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।