PNB ਘੋਟਾਲਾ : CBI ਨੇ ਬੈਂਕ ਦੇ ਐਡੀਟਰ ਚੀਫ ਨੂੰ ਕੀਤਾ ਗ੍ਰਿਫਤਾਰ
Wednesday, Feb 28, 2018 - 08:35 PM (IST)

ਨਵੀਂ ਦਿੱਲੀ— ਸੀ. ਬੀ. ਆਈ. ਨੇ 11,300 ਕਰੋੜ ਰੁਪਏ ਦੇ ਕਥਿਤ ਪੀ. ਐੱਨ. ਬੀ. ਘੋਟਾਲੇ 'ਚ ਅੱਜ ਬੈਂਕ ਦੇ ਐਡੀਟਰ ਚੀਫ ਐੱਮ ਕੇ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਸ਼ਰਮਾ ਨੂੰ ਕੱਲ੍ਹ ਮੁੰਬਈ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸ਼ਰਮਾ ਪੀ. ਐੱਨ. ਬੀ. ਸ਼ਾਖਾ ਦੇ ਸਿਸਟਮ ਅਤੇ ਪ੍ਰਥਾਵਾਂ ਦੀ ਐਡੀਟਿੰਗ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਹੈ। ਇਸ ਮਾਮਲੇ 'ਚ ਹੁਣ ਤਕ ਕਈ ਗ੍ਰਿਫਤਾਰੀਆਂ ਹੋ ਚੁਕੀਆਂ ਹਨ।
ਦੱਸ ਦਈਏ ਕਿ ਦੇਸ਼ ਦੇ ਬੈਂਕਿੰਗ ਇਤਿਹਾਸ ਦੇ ਸਭ ਤੋਂ ਵੱਡੇ ਘੋਟਾਲੇ ਦੇ ਖੁਲ੍ਹਾਸੇ ਤੋਂ ਬਾਅਦ ਡਾਇਮੰਡ ਕਿੰਗ ਨੀਰਵ ਮੋਦੀ ਅਤੇ ਗੀਤਾਂਜਲੀ ਜੇਮਸ ਦੇ ਪ੍ਰਮੋਟਰ ਮੇਹੁਲ ਚੌਕਸੀ ਖਿਲਾਫ ਸੀ. ਬੀ. ਆਈ. ਵਲੋਂ ਸ਼ਿਕਾਇਤ ਤੋਂ ਬਾਅਦ ਅੱੈਫ. ਆਈ. ਆਰ. ਦਰਜ ਕੀਤੀ ਗਈ ਹੈ। ਨੀਰਵ ਮੋਦੀ ਅਤੇ ਮੇਹੁਲ ਚੌਕਸੀ ਇਸ ਘੋਟਾਲੇ ਦੇ ਮੁੱਖ ਦੋਸ਼ੀ ਹਨ ਅਤੇ ਉਨ੍ਹਾਂ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਪਾਸਪੋਰਟ ਵੀ ਰੱਦ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਵਿਦੇਸ਼ 'ਚ ਆਉਟਲੈਟਸ 'ਤੇ ਵੀ ਕਾਰੋਬਾਰ ਨਾ ਕਰਨ ਦਾ ਹੁਕਮ ਦਿੱਤਾ ਹੈ। ਸੀ. ਬੀ. ਆਈ. ਲਗਾਤਾਰ ਬੈਂਕ ਅਫਸਰਾਂ ਅਤੇ ਨੀਰਵ ਮੋਦੀ ਦੀ ਕੰਪਨੀ ਦੇ ਅਧਿਕਾਰੀਆਂ ਤੋਂ ਪੁੱਛ ਗਿੱਛ ਕਰ ਰਹੀ ਹੈ।