ਪ੍ਰਧਾਨ ਮੰਤਰੀ 30 ਤੋਂ ਮੁੜ ਗੁਜਰਾਤ ਦੇ ਦੌਰੇ ’ਤੇ

10/29/2022 1:27:11 PM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ ਤੋਂ 2 ਦਿਨਾਂ ਲਈ ਗੁਜਰਾਤ ਦਾ ਦੌਰਾ ਕਰਨਗੇ। ਇਸ ਮਹੀਨੇ ਗ੍ਰਹਿ ਸੂਬੇ ਦੀ ਇਹ ਉਨ੍ਹਾਂ ਦੀ ਤੀਜੀ ਮੈਗਾ ਫੇਰੀ ਹੋਵੇਗੀ ਜਿੱਥੇ ਉਹ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ (ਐਲ. ਬੀ. ਐਸ. ਐਨ. ਏ. ਏ.) ਵਿੱਚ ਫਾਊਂਡੇਸ਼ਨ ਕੋਰਸ ਕਰ ਰਹੇ 400 ਤੋਂ ਵੱਧ ਭਾਗੀਦਾਰਾਂ ਨੂੰ ਸੰਬੋਧਨ ਕਰਨਗੇ।

ਦਿਲਚਸਪ ਗੱਲ ਇਹ ਹੈ ਕਿ ਦੌਰੇ ਦੀ ਥਾਂ ਗੁਜਰਾਤ ਵਿੱਚ ਨਰਮਦਾ ਦਰਿਆ ਦੇ ਕਿਨਾਰੇ ਕੇਵਡੀਆ ਵਿੱਚ ਸਟੈਚੂ ਆਫ ਯੂਨਿਟੀ ਹੋਵੇਗੀ। ਪ੍ਰਧਾਨ ਮੰਤਰੀ ‘ਆਰੰਭ’ ਦੇ ਚੌਥੇ ਐਡੀਸ਼ਨ ਦੀ ਸ਼ੁਰੂਆਤ ਕਰਨਗੇ ਜਿੱਥੇ ਸਾਰੇ ਨਵੇਂ ਆਈ. ਏ. ਐੱਸ. ਅਤੇ ਸਹਾਇਕ ਕੇਂਦਰੀ ਸੇਵਾਵਾਂ ਦੇ ਰੰਗਰੂਟਾਂ ਨੂੰ ਸਵਰਗੀ ਸਰਦਾਰ ਵੱਲਭ ਭਾਈ ਪਟੇਲ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਹੈ।

ਉਹ ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਫਲੀਟ ਨੂੰ ਆਧੁਨਿਕ ਬਣਾਉਣ ਲਈ ਸੀ-295 ਦਰਮਿਆਨੇ ਟਰਾਂਸਪੋਰਟ ਜਹਾਜ਼ਾਂ ਲਈ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ-ਏਅਰਬੱਸ ਕੰਸੋਰਟੀਅਮ ਵਲੋਂ ਸਥਾਪਤ ਕੀਤੀ ਜਾ ਰਹੀ ਇੱਕ ਨਿਰਮਾਣ ਸਹੂਲਤ ਦਾ ਨੀਂਹ ਪੱਥਰ ਵੀ ਰੱਖਣਗੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਰੱਖਿਆ ਐਕਸਪੋ ਦਾ ਉਦਘਾਟਨ ਕੀਤਾ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਕਈ ਪ੍ਰੋਜੈਕਟ ਲਾਂਚ ਕੀਤੇ। ਅਕਤੂਬਰ ਦੇ ਅੰਤ ਵਿੱਚ ਹੋਣ ਵਾਲੇ ਮੋਦੀ ਦੇ ਦੌਰੇ ਨਾਲ ਮਈ 2019 ਵਿੱਚ ਮੁੜ ਪੀ. ਐੱਮ. ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੇ ਗੁਜਰਾਤ ਦੌਰਿਆਂ ਦੀ ਕੁੱਲ ਗਿਣਤੀ 22 ਹੋ ਜਾਵੇਗੀ। ਉਨ੍ਹਾਂ 29 ਸਤੰਬਰ 2022 ਨੂੰ ਅਹਿਮਦਾਬਾਦ ਵਿੱਚ 36ਵੀਆਂ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ ਕੀਤੀ ਸੀ। 9-11 ਅਤੇ 19-20 ਅਕਤੂਬਰ ਨੂੰ ਵੀ ਉਹ ਗੁਜਰਾਤ ਵਿੱਚ ਸਨ। ਅਕਤੂਬਰ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਤੀਜਾ ਦੌਰਾ ਹੋਵੇਗਾ। ਉਨ੍ਹਾਂ ਦੇ ਸਭ ਤੋਂ ਵੱਧ ਦੌਰਿਆਂ ਦੇ ਮਾਮਲੇ ’ਚ ਯੂ.ਪੀ. ਤੋਂ ਬਾਅਦ ਗੁਜਰਾਤ ਦੂਜੇ ਨੰਬਰ ’ਤੇ ਹੈ।

ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਕੀਤਾ ਜਾਣਾ ਹੈ, ਇਸ ਲਈ ਪ੍ਰਧਾਨ ਮੰਤਰੀ ਦੇ ਦੌਰੇ ਦਾ ਮੰਤਵ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ। ਪ੍ਰਧਾਨ ਮੰਤਰੀ ਆਪਣੇ ਕੁਝ ਦੌਰਿਆਂ ਦੌਰਾਨ ਰੋਡ ਸ਼ੋਅ ਵੀ ਕਰ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਕਿਸੇ ਵੀ ਕਮਜ਼ੋਰੀ ਨੂੰ ਦੂਰ ਕਰਨ ਲਈ ਗੁਜਰਾਤ ਦੇ ਕਈ ਭਾਵ ਹਰ ਮਹੀਨੇ 4 ਦੌਰੇ ਕੀਤੇ ਹਨ।


Rakesh

Content Editor

Related News