PM ਮੋਦੀ ਨੇ ਰਾਤ ਨੂੰ ਵਾਰਾਣਸੀ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ, ਨਾਗਰਿਕਾਂ ਨਾਲ ਕੀਤੀ ਗੱਲਬਾਤ
Saturday, Mar 05, 2022 - 01:23 PM (IST)
ਵਾਰਾਣਸੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲਦਹੀਆ ਚੌਰਾਹੇ ’ਤੇ ਸਰਦਾਰ ਵੱਲਭਭਾਈ ਪਟੇਲ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਬਾਅਦ ਮੈਗਾ ਰੋਡ ਸ਼ੋਅ ਸ਼ੁਰੂ ਕੀਤਾ। ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਇਸੇ ਸਥਾਨ ਤੋਂ ਵਾਰਾਣਸੀ ਵਿਚ ਆਪਣਾ ਪਹਿਲਾ ਰੋਡ ਸ਼ੋਅ ਸ਼ੁਰੂ ਕੀਤਾ ਸੀ। ਵੱਖ-ਵੱਖ ਇਲਾਕਿਆਂ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਵੇਂ ਬਣੇ ਕਾਸ਼ੀ ਵਿਸ਼ਵਨਾਥ ਧਾਮ ਪੁੱਜੇ ਜਿਥੇ ਉਨ੍ਹਾਂ ਭਗਵਾਨ ਸ਼ਿਵ ਦੇ ਜੋਤਿਰਲਿੰਗ ਦਾ ਦਰਸ਼ਨ ਪੂਜਨ ਕੀਤਾ।
ਮੰਦਰ ਤੋਂ ਉਹ ਲੰਕਾ ਚੌਕ ਲਈ ਰਵਾਨਾ ਹੋਏ ਜਿਥੇ ਉਨ੍ਹਾਂ ਵਿਸ਼ਾਲ ਜਨਸੰਪਰਕ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਸਿੰਘਦੁਆਰ ਸਥਿਤ ਬੀ. ਐੱਚ. ਯੂ. ਦੇ ਸੰਸਥਾਪਕ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਜੀ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਰੋਡ ਸ਼ੋਅ ਦੌਰਾਨ ਲੋਕਾਂ ਨੇ ‘ਜੈ ਸ਼੍ਰੀ ਰਾਮ’ ਅਤੇ ‘ਹਰ ਹਰ ਮਹਾਦੇਵ’ ਦੇ ਨਾਅਰੇ ਲਗਾਏ ਅਤੇ ਗੁਲਾਬ ਦੇ ਫੁੱਲਾਂ ਦੀ ਬੌਛਾਰ ਕੀਤੀ। ਲੋਕ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ’ਤੇ ਖੜੇ ਹੋ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਵਿਚ ਡਮਰੂ ਵਜਾ ਕੇ ਮਹਾਦੇਵ ਦੀ ਪੂਜਾ ਕੀਤੀ।
ਭਾਜਪਾ ਦੇ ਨਗਰ ਪ੍ਰਧਾਨ ਵਿਦਿਆਸਾਗਰ ਰਾਏ ਨੇ ਦੱਸਿਆ ਕਿ ਮੋਦੀ ਰਾਤ ਨੂੰ ਬਨਾਰਸ ਰੇਲ ਇੰਜਣ ਕਾਰਖਾਨਾ (ਬੀ. ਐੱਲ. ਡਬਲਿਊ.) ਦੇ ਗੈਸਟ ਹਾਊਸ ਵਿਚ ਰੁਕਣਗੇ। ਮੰਦਰ ਦੇ ਸੂਤਰਾਂ ਨੇ ਦੱਸਿਆ ਕਿ ਉਥੇ ‘ਡਮਰੂ’ ਵਾਦਨ ਦੇ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। ਪੂਜਾਰੀਆਂ ਨੇ ਕਿਹਾ ਕਿ ਉਨ੍ਹਾਂ ਮੰਦਰ ਵਿਚ ਭਗਵਾਨ ਸ਼ਿਵ ਦੀ ਪੂਜਾ ਕੀਤੀ।
ਪੀ. ਐੱਮ. ਮੋਦੀ ਨੇ ਟੋਪੀ ਤੇ ਗਮਛੇ ਨਾਲ ਲਾਏ ਇਕ ਤੀਰ ਨਾਲ 2 ਨਿਸ਼ਾਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਵਿਚ ਠੀਕ 5 ਸਾਲ ਬਾਅਦ ਬਨਾਰਸੀ ਰੰਗ ਵਿਚ ਨਜ਼ਰ ਆਏ। ਉਨ੍ਹਾਂ ਦੇ ਗਲੇ ਵਿਚ ਜਿਥੇ ਬਨਾਰਸ ਦਾ ਗਮਛਾ ਨਜ਼ਰ ਆਇਆ ਤਾਂ ਉਥੇ ਹੀ ਸਰਦੀ ਵਿਚ ਪਹਿਨੀ ਜਾਣ ਵਾਲੀ ਖਾਦੀ ਦੀ ਗਰਮ ਸਦਰੀ ਦੇ ਨਾਲ ਨੇਤਾਜੀ ਸੁਭਾਸ਼ ਚੰਦਰ ਬੋਸ ਵਰਗੀ ਭਗਵਾ ਰੰਗ ਦੀ ਟੋਪੀ ਪਹਿਨ ਕੇ ਅਨੋਖੇ ਲਿਬਾਸ ਵਿਚ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਨਾਰਸੀ ਗਮਛਾ, ਬਨਾਰਸੀ ਟੋਪੀ ਅਤੇ ਖਾਦੀ ਦੀ ਸਦਰੀ ਨਾਲ ਇਸ ਰੋਡ ਸ਼ੋਅ ਵਿਚ ‘ਵੋਕਲ ਫਾਰ ਲੋਕਲ’ ਅਤੇ ‘ਬਨਾਰਸੀਪਣੇ’ ਦਾ ਸੰਦੇਸ਼ ਵੀ ਦਿੱਤਾ। ਰੋਡ ਸ਼ੋਅ ਦੌਰਾਨ ਪੱਪੂ ਚਾਹ ਵਾਲੇ ਦੇ ਇਥੇ ਕੁੱਲ੍ਹੜ ਵਿਚ ਚਾਹ ਵੀ ਪੀਤੀ।