ਗਰੀਬ, ਨੌਜਵਾਨ, ਔਰਤਾਂ ਅਤੇ ਕਿਸਾਨ ਮੇਰੇ ਲਈ ਸਭ ਤੋਂ ਵੱਡੀਆਂ ਚਾਰ ਜਾਤਾਂ: PM ਮੋਦੀ
Monday, Dec 25, 2023 - 02:25 PM (IST)
ਇੰਦੌਰ- ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਵਿਰੋਧੀ ਧਿਰ ਵਲੋਂ ਦੇਸ਼ 'ਚ ਜਾਤੀ ਜਨਗਣਨਾ ਦੀ ਮੰਗ ਨੂੰ ਤੇਜ਼ ਕਰਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਗਰੀਬ, ਨੌਜਵਾਨ, ਔਰਤਾਂ ਅਤੇ ਕਿਸਾਨ ਉਨ੍ਹਾਂ ਲਈ ਸਭ ਤੋਂ ਵੱਡੀਆਂ ਚਾਰ ਜਾਤਾਂ ਹਨ। ਵੀਡੀਓ ਕਾਨਫਰੰਸ ਜ਼ਰੀਏ ਇੰਦੌਰ 'ਚ ਸੂਬਾ ਸਰਕਾਰ ਵੱਲੋਂ ਆਯੋਜਿਤ 'ਮਜ਼ਦੂਰ ਹਿੱਤ, ਮਜ਼ਦੂਰਾਂ ਨੂੰ ਸਮਰਪਿਤ' ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਮੇਰੇ ਲਈ ਦੇਸ਼ 'ਚ ਚਾਰ ਜਾਤਾਂ ਸਭ ਤੋਂ ਵੱਡੀਆਂ ਹਨ। ਇਹ 4 ਜਾਤਾਂ ਹਨ- ਗਰੀਬ, ਨੌਜਵਾਨ, ਔਰਤਾਂ ਅਤੇ ਕਿਸਾਨ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਸੇਵਾ, ਮਜ਼ਦੂਰਾਂ ਦਾ ਸਨਮਾਨ ਅਤੇ ਵਾਂਝੇ ਲੋਕਾਂ ਦਾ ਸਨਮਾਨ ਸਾਡੀ ਤਰਜੀਹ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਮਜ਼ਦੂਰ ਤਾਕਤਵਰ ਬਣ ਕੇ ਖੁਸ਼ਹਾਲ ਭਾਰਤ ਦੇ ਨਿਰਮਾਣ 'ਚ ਅਹਿਮ ਯੋਗਦਾਨ ਪਾਉਣ। ਪ੍ਰਧਾਨ ਮੰਤਰੀ ਨੇ ਇੰਦੌਰ 'ਚ 32 ਸਾਲ ਪਹਿਲਾਂ ਬੰਦ ਹੋਈ ਹੁਕਮਚੰਦ ਕੱਪੜਾ ਮਿੱਲ ਦੇ ਕਰੀਬ 5,000 ਮਜ਼ਦੂਰਾਂ ਦੇ 224 ਕਰੋੜ ਰੁਪਏ ਦੇ ਬਕਾਏ ਦਾ ਬਟਨ ਦਬਾ ਕੇ ਭੁਗਤਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨਵੰਬਰ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਮੱਧ ਪ੍ਰਦੇਸ਼ 'ਚ ਭਾਰੀ ਬਹੁਮਤ ਨਾਲ ਸੱਤਾ ਵਿਚ ਵਾਪਸੀ ਕਰਨ ਤੋਂ ਬਾਅਦ ਪਹਿਲੀ ਵਾਰ ਸੂਬੇ 'ਚ ਇਕ ਜਨਤਕ ਸਮਾਗਮ ਵਿਚ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਡਬਲ ਇੰਜਣ ਵਾਲੀ ਸਰਕਾਰ ਇੰਦੌਰ ਨੂੰ ਉਸ ਦੀ ਪੁਰਾਣੀ ਉਦਯੋਗਿਕ ਸ਼ਾਨ 'ਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ 'ਡਬਲ ਇੰਜਣ ਵਾਲੀ ਸਰਕਾਰ' ਦੇ ਰਾਜ 'ਚ ਇੰਦੌਰ ਅਤੇ ਇਸ ਦੇ ਆਲੇ-ਦੁਆਲੇ ਰੁਪਏ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।