ਜੰਤਰ-ਮੰਤਰ ''ਤੇ ਜਾ ਕੇ ਮਹਿਲਾ ਪਹਿਲਵਾਨਾਂ ਦੇ ''ਮਨ ਕੀ ਬਾਤ'' ਸੁਣਨ PM ਮੋਦੀ : ਸਿੱਬਲ
Monday, May 01, 2023 - 11:21 AM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਤਰ-ਮੰਤਰ ਜਾ ਕੇ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੇ 'ਮਨ ਕੀ ਬਾਤ' ਸੁਣਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਕਦਮ ਸਾਬਿਤ ਹੋਵੇਗਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਨੂੰ ਤਿਆਰ ਹਨ। ਸੀਨੀਅਰ ਐਡਵੋਕੇਟ ਸਿੱਬਲ ਪਹਿਲਵਾਨਾਂ ਵਲੋਂ ਸੁਪਰੀਮ ਕੋਰਟ 'ਚ ਪੈਰਵੀ ਕਰ ਰਹੇ ਹਨ। ਉਨ੍ਹਾਂ ਦੀ ਟਿੱਪਣੀ ਮੋਦੀ ਦੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਦੇ 100ਵੇਂ ਐਡੀਸ਼ਨ ਦੇ ਪ੍ਰਸਾਰਨ ਦੇ ਇਕ ਦਿਨ ਬਾਅਦ ਆਈ ਹੈ। ਸਿੱਬਲ ਨੇ ਟਵੀਟ ਕੀਤਾ,''ਮੋਦੀ ਜੀ: ਤੁਹਾਡੇ 100ਵੇਂ 'ਮਨ ਕੀ ਬਾਤ' ਪ੍ਰੋਗਰਾਮ ਲਈ ਵਧਾਈ। ਮੋਦੀ ਜੀ, ਜੇਕਰ ਤੁਹਾਡੇ ਕੋਲ ਸਮੇਂ ਹੋਵੇ ਤਾਂ ਕ੍ਰਿਪਾ ਜੰਤਰ-ਮੰਤਰ ਜਾਣ ਅਤੇ ਪ੍ਰਦਰਸ਼ਨਕਾਰੀ ਮਹਿਲਾ ਪਹਿਲਵਾਨਾਂ ਦੇ 'ਮਨ ਕੀ ਬਾਤ' ਸੁਣਨ।'' ਉਨ੍ਹਾਂ ਨੇ ਕਿਹਾ,''ਇਹ ਦਿਖਾਏਗਾ ਕਿ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਦਰਦ ਨੂੰ ਸਮਝਣ ਲਈ ਤਿਆਰ ਹਨ।''
ਦਿੱਲੀ ਪੁਲਸ ਨੇ 7 ਮਹਿਲਾ ਪਹਿਲਵਾਨਾਂ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ 2 ਐੱਫ.ਆਈ.ਆਰ. ਦਰਜ ਕੀਤੀਆਂ। ਇਹ ਦੋਵੇਂ ਐੱਫ.ਆਈ.ਆਰ. ਦਿੱਲੀ ਪੁਲਸ ਵਲੋਂ ਪੇਸ਼ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਵਲੋਂ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਪੀ.ਐੱਸ. ਨਰਸਿਮਹਾ ਦੀ ਬੈਂਚ ਨੂੰ ਇਹ ਦੱਸੇ ਜਾਣ ਦੇ ਕੁਝ ਘੰਟੇ ਬਾਅਦ ਦਰਜ ਕੀਤੀ ਗਈ ਹੈ ਕਿ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਜਾਵੇਗਾ। ਪਹਿਲੀ ਐੱਫ.ਆਈ.ਆਰ. ਇਕ ਨਾਬਾਲਗ ਪਹਿਲਵਾਨ ਦੇ ਦੋਸ਼ਾਂ ਨਾਲ ਸੰਬੰਧਤ ਹੈ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਮੁਹਿੰਮ ਦੇ ਅਧੀਨ ਦਰਜ ਕੀਤੀ ਗਈ ਹੈ, ਉੱਥੇ ਹੀ ਦੂਜੀਆਂ ਔਰਤਾਂ ਦੀਆਂ ਮਰਿਆਦਾ ਨੂੰ ਠੇਸ ਪਹੁੰਚਾਉਣ ਨਾਲ ਸੰਬੰਧਤ ਹੈ। ਅੰਤਰਰਾਸ਼ਟਰੀ ਮੁਕਾਬਲਿਆਂ 'ਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਕਈ ਪਹਿਲਵਾਨ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਸਿੰਘ ਖ਼ਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਵਾਲੀ ਨਿਗਰਾਨੀ ਕਮੇਟੀ ਦੇ ਨਤੀਜਿਆਂ ਨੂੰ ਜਨਤਕ ਕਰੇ। ਪਹਿਲਵਾਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜਦੋਂ ਤੱਕ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਪ੍ਰਦਰਸ਼ਨ ਸਥਾਨ ਨਹੀਂ ਛੱਡਣਗੇ। ਉਨ੍ਹਾਂ ਨੇ ਪਿਛਲੇ ਹਫ਼ਤੇ ਆਪਣਾ ਧਰਨਾ ਮੁੜ ਸ਼ੁਰੂ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਦੋਸ਼ਾਂ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਨਤੀਜਿਆਂ ਨੂੰ ਜਨਤਕ ਕੀਤਾ ਜਾਵੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ