PM ਮੋਦੀ ਨੇ ਸ਼ੇਅਰ ਕੀਤਾ ਯੋਗਾ ਆਸਨ ਦਾ ਵੀਡੀਓ, ਇਵਾਂਕਾ ਟਰੰਪ ਨੇ ਕਿਹਾ- ਧੰਨਵਾਦ

03/31/2020 6:19:33 PM

ਨਵੀਂ ਦਿੱਲੀ/ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੂੰ ਪੀ. ਐੱਮ. ਮੋਦੀ ਵਲੋਂ ਸ਼ੇਅਰ ਕੀਤੇ ਗਏ ਯੋਗਾ ਨਿਦਰਾ ਦਾ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਉਨ੍ਹਾਂ ਨੇ ਵੀਡੀਓ ਨੂੰ ਰੀ-ਟਵੀਟ ਕਰ ਕੇ ਮੋਦੀ ਦਾ ਧੰਨਵਾਦ ਜਤਾਇਆ ਹੈ। ਇਵਾਂਕਾ ਨੇ ਰੀ-ਟਵੀਟ ਕੀਤਾ ਅਤੇ ਲਿਖਿਆ ਕਿ ਅਦਭੁੱਤ ਹੈ। ਸ਼ੁੱਕਰੀਆ ਪੀ. ਐੱਮ. ਨਰਿੰਦਰ ਮੋਦੀ ਤੁਹਾਡਾ। ਦੱਸਣਯੋਗ ਹੈ ਕਿ ਇਵਾਂਕਾ ਨੇ ਪਿਛਲੇ ਮਹੀਨੇ ਹੀ ਆਪਣੇ ਪਿਤਾ ਨਾਲ ਭਾਰਤ ਦਾ ਦੌਰਾ ਕੀਤਾ ਸੀ ਅਤੇ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਵੀ ਹਿੱਸਾ ਲਿਆ। ਇਵਾਂਕਾ ਨੇ ਤਾਜ ਮਹਿਲ ਦਾ ਵੀ ਦੀਦਾਰ ਕੀਤਾ ਸੀ।

PunjabKesari

ਦੱਸ ਦੇਈਏ ਕਿ ਮੋਦੀ ਨੇ ਮੰਗਲਵਾਰ ਭਾਵ ਅੱਜ 'ਯੋਗਾ ਨਿਦਰਾ' ਦਾ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਹਫਤੇ ਵਿਚ 1-2 ਵਾਰ ਯੋਗ ਨਿਦਰਾ ਦਾ ਅਭਿਆਸ ਜ਼ਰੂਰ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰੀਰ ਸਿਹਤਮੰਦ ਅਤੇ ਮਨ ਖੁਸ਼ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਤਣਾਅ ਅਤੇ ਚਿੰਤਾ ਨੂੰ ਘੱਟ ਵੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਟਰਨੈੱਟ 'ਤੇ ਤੁਹਾਨੂੰ ਯੋਗ ਨਿਦਰਾ ਦੇ ਕਈ ਵੀਡੀਓ ਮਿਲਣਗੇ। ਅੰਗਰੇਜ਼ੀ ਅਤੇ ਹਿੰਦੀ ਵਿਚ 1-1 ਵੀਡੀਓ ਸਾਂਝਾ ਕਰ ਰਿਹਾ ਹਾਂ। 

ਜ਼ਿਕਰਯੋਗ ਹੈ ਕਿ ਐਤਵਾਰ ਨੂੰ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਇਕ ਸਰੋਤੇ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਸੀ ਕਿ ਉਹ ਦੇਸ਼ ਵਿਆਪੀ ਲਾਕ ਡਾਊਨ ਦੌਰਾਨ ਕੀ ਕਰ ਰਹੇ ਹਨ ਅਤੇ ਆਪਣੀ ਫਿਟਨੈੱਸ ਦਾ ਕਿਵੇਂ ਖਿਆਲ ਰੱਖਦੇ ਹਨ? ਇਸ ਦੌਰਾਨ ਪ੍ਰਧਾਨ ਮੰਤਰੀ ਨੇ ਯੋਗਾ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਨਾ ਫਿਟਨੈੱਸ ਮਾਹਰ ਹਨ ਅਤੇ ਹੀ ਡਾਕਟਰ ਹਨ ਪਰ ਯੋਗਾ ਦਾ ਅਭਿਆਸ ਕਈ ਸਾਲਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅੰਗ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੁਝ ਯੋਗਾ ਆਸਨਾਂ ਨਾਲ ਮੈਨੂੰ ਬਹੁਤ ਫਾਇਦਾ ਹੋਇਆ। ਸੰਭਵ ਹੈ ਕਿ ਲਾਕ ਡਾਊਨ ਦੌਰਾਨ ਇਸ ਤੋਂ ਤੁਹਾਨੂੰ ਵੀ ਕੁਝ ਮਦਦ ਮਿਲ ਜਾਵੇ।


Tanu

Content Editor

Related News