PM ਮੋਦੀ ਨੇ ਕੇਜਰੀਵਾਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ, ਸੀ. ਐੱਮ. ਨੇ ਕਿਹਾ- ''ਧੰਨਵਾਦ''
Sunday, Aug 16, 2020 - 10:36 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀ ਵਧਾਈ। ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 52 ਸਾਲ ਦੇ ਹੋ ਗਏ ਹਨ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨੇ ਸਵੇਰੇ ਕਰੀਬ 7 ਵਜੇ ਇਕ ਟਵੀਟ 'ਚ ਕੇਜਰੀਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਕੇਜਰੀਵਾਲ ਨੇ ਵੀ ਉਨ੍ਹਾਂ ਨੂੰ ਧੰਨਵਾਦ ਦਿੰਦੇ ਹੋਏ ਟਵੀਟ ਕੀਤਾ।
ਕੇਜਰੀਵਾਲ ਨੇ ਵਰਕਰਾਂ ਤੋਂ ਮੰਗਿਆ ਤੋਹਫ਼ਾ—
ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਵਰਕਰਾਂ ਨੂੰ ਕਿਹਾ ਕਿ ਸਾਰਿਆਂ ਨੂੰ ਅਪੀਲ ਹੈ ਕਿ ਮੇਰੇ ਘਰ ਵਧਾਈ ਦੇਣ ਨਾ ਆਉਣਾ ਪਰ ਤੋਹਫ਼ੇ ਵਿਚ ਤੁਸੀਂ ਆਕਸੀ ਮੀਟਰ ਦੇ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਆਪਣੇ ਪਿੰਡ ਵਿਚ, ਆਪਣੇ ਇਲਾਕੇ ਵਿਚ ਆਕਸੀਜਨ ਕੇਂਦਰ ਸ਼ੁਰੂ ਕਰੋ। ਸਾਰੇ ਵਰਕਰਾਂ, ਸਪੋਟਰਾਂ, ਡੋਨੇਟਰਾਂ ਨੂੰ ਅਪੀਲ ਹੈ ਕਿ ਅਸੀਂ ਇਹ ਪਲਾਨ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਅੰਦਰ ਹਰ ਪਿੰਡ 'ਚ ਇਕ-ਇਕ ਵਿਅਕਤੀ ਨੂੰ ਇਕ-ਇਕ ਆਕਸੀਮੀਟਰ ਦੇ ਕੇ ਉਸ ਨੂੰ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ। ਦਿੱਲੀ ਵਿਚ ਵੀ ਇਕ ਸਮਾਂ ਅਜਿਹਾ ਹੀ ਸੀ, ਫਿਰ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਉਸ 'ਤੇ ਕਾਬੂ ਪਾਇਆ। ਅਜੇ ਕੋਰੋਨਾ ਹਾਰਿਆ ਨਹੀਂ ਹੈ ਪਰ ਹਾਲਾਤ ਠੀਕ ਹੋਏ ਹਨ।
ਕੇਜਰੀਵਾਲ ਦੀ ਜਨਤਾ ਨੂੰ ਤਿੰਨ ਅਪੀਲ—
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਭ ਤੋਂ ਪਹਿਲੀ ਅਪੀਲ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ 'ਚ ਯੋਗਦਾਨ ਦੇਣਾ। ਅਸੀਂ ਇਹ ਯਕੀਨੀ ਕਰ ਲਈਏ ਕਿ ਨਾ ਤਾਂ ਕਿਸੇ ਕੰਮ ਲਈ ਰਿਸ਼ਵਤ ਦੇਵਾਂਗੇ ਅਤੇ ਨਾ ਹੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਲਵਾਂਗੇ।
ਦੂਜੀ ਅਪੀਲ ਤਹਿਤ ਮੁੱਖ ਮੰਤਰੀ ਨੇ ਲੋਕਾਂ ਨੂੰ ਜਲ, ਥਲ ਅਤੇ ਹਵਾ ਪ੍ਰਦੂਸ਼ਣ ਘੱਟ ਕਰਨ 'ਚ ਸਹਿਯੋਗ ਮੰਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਵਧਾ ਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵੀ ਦਾਅ 'ਤੇ ਲਾ ਰਹੇ ਹਾਂ, ਇਸ ਲਈ ਅਸੀਂ ਅਜਿਹਾ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ ਘੱਟ ਹੋ ਸਕੇ।
ਤੀਜੀ ਅਪੀਲ ਤਹਿਤ ਕੇਜਰੀਵਾਲ ਨੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ 'ਚ ਮਦਦ ਮੰਗੀ।