ਗੁਜਰਾਤ: PM ਮੋਦੀ ਨੇ ਚੱਕਰਵਾਤ ‘ਤੌਕਤੇ’ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
Wednesday, May 19, 2021 - 04:55 PM (IST)
ਅਹਿਮਦਾਬਾਦ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ ‘ਤੌਕਤੇ’ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਗੁਜਰਾਤ ਅਤੇ ਕੇਂਦਰ ਸ਼ਾਸਿਤ ਖੇਤਰ ਦੀਵ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਮੋਦੀ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਦਿਨਾ ਗੁਜਰਾਤ ਦੌਰੇ ’ਤੇ ਅੱਜ ਭਾਵਨਗਰ ਪੁੱਜੇ, ਜਿੱਥੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਉਨ੍ਹਾਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਹੈਲੀਕਾਪਟਰ ’ਤੇ ਸਵਾਰ ਹੋ ਕੇ ਪ੍ਰਭਾਵਿਤ ਖੇਤਰਾਂ ਦੇ ਹਵਾਈ ਸਰਵੇਖਣ ਲਈ ਨਿਕਲੇ। ਉਨ੍ਹਾਂ ਨਾਲ ਮੁੱਖ ਮੰਤਰੀ ਵਿਜੇ ਰੂਪਾਨੀ ਮੌਜੂਦ ਸਨ।
ਇਹ ਵੀ ਪੜ੍ਹੋ: ਤੂਫ਼ਾਨ ‘ਤੌਕਤੇ’ ਦਾ ਕਈ ਸੂਬਿਆਂ ’ਚ ਕਹਿਰ; ਵੇਖੋ ਤਬਾਹੀ ਦੀਆਂ ਤਸਵੀਰਾਂ
ਰੂਪਾਨੀ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੌਕਤੇ ਤੋਂ ਪ੍ਰਭਾਵਿਤ ਅਮਰੇਲੀ, ਗਿਰ ਸੋਮਨਾਥ ਅਤੇ ਭਾਵਨਗਰ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕੀਤਾ। ਚੱਕਰਵਾਤ ਕਾਰਨ ਗਿਰ ਸੋਮਨਾਥ ਜ਼ਿਲ੍ਹੇ ਦੇ ਦੀਵ ਅਤੇ ਊਨਾ ਸ਼ਹਿਰ ਵਿਚ ਸੋਮਵਾਰ ਨੂੰ ਪਾਣੀ ਭਰ ਗਿਆ ਅਤੇ ਇਸ ਨਾਲ ਸੰਪਤੀ ਨੂੰ ਵੀ ਖ਼ਾਸਾ ਨੁਕਸਾਨ ਪੁੱਜਾ ਹੈ। ਖੇਤਰ ਵਿਚ ਵੱਡੀ ਗਿਣਤੀ ’ਚ ਦਰੱਖ਼ਤ ਡਿੱਗ ਗਏ ਹਨ।
ਇਹ ਵੀ ਪੜ੍ਹੋ: ‘ਦੇਵਦੂਤ’ ਬਣੀ ਜਲ ਸੈਨਾ, ਤੂਫਾਨ ‘ਤੌਕਤੇ’ ਕਾਰਨ ਫਸੇ ਸਮੁੰਦਰੀ ਜਹਾਜ਼ ਤੋਂ ਬਚਾਏ ਗਏ 184 ਲੋਕ
ਪ੍ਰਭਾਵਿਤ ਇਲਾਕਿਆਂ ਦਾ ਮੁਆਇਨਾ ਕਰਨ ਤੋਂ ਬਾਅਦ ਤੌਕਤੇ ਤੂਫਾਨ ’ਤੇ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ’ਚ ਸਮੀਖਿਆ ਬੈਠਕ ਕੀਤੀ। ਇਸ ਬੈਠਕ ’ਚ ਮੋਦੀ ਨੇ ਵਿੱਤੀ ਮਦਦ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ 1000 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਮੋਦੀ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਦੇਣ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਬੈਠਕ ’ਚ ਮੁੱਖ ਮੰਤਰੀ ਤੋਂ ਇਲਾਵਾ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਦੱਸ ਦੇਈਏ ਕਿ ਗੁਜਰਾਤ ’ਚ ਚੱਕਰਵਾਤ ਤੂਫਾਨ ਕਾਰਨ ਤਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਪੁੱਜਾ ਹੈ, ਬਿਜਲੀ ਦੇ ਖੰਭੇ ਅਤੇ ਦਰੱਖ਼ਤ ਉੱਖੜ ਗਏ ਹਨ। 16 ਹਜ਼ਾਰ ਤੋਂ ਵਧੇਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ 40 ਹਜ਼ਾਰ ਦਰੱਖ਼ਤ ਉੱਖੜ ਗਏ ਹਨ। ਇਸ ਦੌਰਾਨ ਵਾਪਰੀਆਂ ਘਟਨਾਵਾਂ ਵਿਚ 13 ਲੋਕਾਂ ਦੀ ਮੌਤ ਵੀ ਹੋਈ ਹੈ। ਸਾਵਧਾਨੀ ਦੇ ਤੌਰ ’ਤੇ ਸੂਬਾ ਸਰਕਾਰ ਨੇ ਪਹਿਲਾਂ ਹੀ 2 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਸੀ।