ਅਧਿਐਨ ’ਚ ਵੱਡਾ ਖੁਲਾਸਾ : ਸਰਜਰੀ ਦੌਰਾਨ ਮਰੀਜ਼ ਨੂੰ ਸੰਗੀਤ ਸੁਣਾਉਣ ਨਾਲ ਘਟ ਜਾਂਦੀ ਹੈ ਐਨਸਥੀਸੀਆ ਦੀ ਜ਼ਰੂਰਤ

Thursday, Nov 27, 2025 - 01:52 PM (IST)

ਅਧਿਐਨ ’ਚ ਵੱਡਾ ਖੁਲਾਸਾ : ਸਰਜਰੀ ਦੌਰਾਨ ਮਰੀਜ਼ ਨੂੰ ਸੰਗੀਤ ਸੁਣਾਉਣ ਨਾਲ ਘਟ ਜਾਂਦੀ ਹੈ ਐਨਸਥੀਸੀਆ ਦੀ ਜ਼ਰੂਰਤ

ਨਵੀਂ ਦਿੱਲੀ (ਇੰਟ.)- ਮੈਡੀਕਲ ਜਗਤ ’ਚ ਇਕ ਨਵੀਂ ਖੋਜ ਰਿਪੋਰਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਸਲ ’ਚ ਇਸ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਜਰੀ ਦੌਰਾਨ ਮਰੀਜ਼ਾਂ ਨੂੰ ਹਲਕਾ, ਸ਼ਾਂਤ ਸੰਗੀਤ ਸੁਣਾਉਣ ਨਾਲ ਐਨਸਥੀਸੀਆ (ਬੇਹੋਸ਼ੀ ਦੀ ਦਵਾਈ) ਦੀ ਲੋੜੀਂਦੀ ਮਾਤਰਾ ਨੂੰ ਘੱਟ ਕੀਤਾ ਜਾ ਸਕਦਾ ਹੈ। ਅਧਿਐਨ ਅਨੁਸਾਰ ਸੰਗੀਤ ਚਿੰਤਾ ਨੂੰ ਘਟਾਉਂਦਾ ਹੈ ਅਤੇ ਸਰੀਰ ਨੂੰ ਵਧੇਰੇ ਆਰਾਮਦਾਇਕ ਸਥਿਤੀ ਵਿਚ ਲਿਆਉਂਦਾ ਹੈ, ਜਿਸ ਕਾਰਨ ਦਵਾਈ ਦੀ ਖੁਰਾਕ ਘਟਾ ਕੇ ਵੀ ਇਹੀ ਪ੍ਰਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ। ਖੋਜਕਾਰਾਂ ਅਨੁਸਾਰ ਸੰਗੀਤ ਮਰੀਜ਼ਾਂ ਵਿਚ ਤਣਾਅ ਦੇ ਹਾਰਮੋਨ (ਕਾਰਟੀਸੋਲ) ਦੇ ਪੱਧਰ ਨੂੰ ਘਟਾਉਂਦਾ ਹੈ। ਦਿਲ ਦੀ ਧੜਕਣ ਸਥਿਰ ਰਹਿੰਦੀ ਹੈ ਅਤੇ ਦਰਦ ਵੀ ਘੱਟ ਮਹਿਸੂਸ ਹੁੰਦਾ ਹੈ। ਇਨ੍ਹਾਂ ਕਾਰਨਾਂ ਕਰ ਕੇ ਸਰਜਰੀ ਦੌਰਾਨ ਡਾਕਟਰਾਂ ਨੂੰ ਐਨਸਥੀਸੀਆ ਦੀ ਖੁਰਾਕ ਤੁਲਨਾਤਮਕ ਤੌਰ ’ਤੇ ਘੱਟ ਦੇਣੀ ਪਈ। ਕੁਝ ਮਾਮਲਿਆਂ ਵਿਚ ਇਹ ਕਮੀ 10 ਤੋਂ 20 ਫੀਸਦੀ ਤੱਕ ਦਰਜ ਕੀਤੀ ਗਈ।

ਸੰਗੀਤ ਮਦਦਗਾਰ ਉਪਾਅ

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਾਨ-ਇਨਵੇਸਿਵ ਤਰੀਕਿਆਂ ਦੀ ਵਰਤੋਂ ਭਵਿੱਖ ’ਚ ਆਪ੍ਰੇਸ਼ਨ ਥੀਏਟਰ ਦੀ ਆਮ ਪ੍ਰਕਿਰਿਆ ਦਾ ਹਿੱਸਾ ਬਣ ਸਕਦੀ ਹੈ। ਸਥਾਨਕ ਅਤੇ ਖੇਤਰੀ ਐਨਸਥੀਸੀਆ ਵਾਲੀ ਸਰਜਰੀ ’ਚ ਇਸ ਦੀ ਵਰਤੋਂ ਸਭ ਤੋਂ ਵੱਧ ਦੇਖਣ ਨੂੰ ਮਿਲੀ, ਜਦਕਿ ਜਨਰਲ ਐਨਸਥੀਸੀਆ ’ਚ ਵੀ ਸੀਮਤ ਪਰ ਸਕਾਰਾਤਮਕ ਅਸਰ ਦਰਜ ਕੀਤਾ ਗਿਆ ਸੀ। ਹਸਪਤਾਲਾਂ ਵਿਚ ਇਸ ਤਕਨੀਕ ਦੀ ਵਰਤੋਂ ਹੌਲੀ-ਹੌਲੀ ਵਧ ਰਹੀ ਹੈ ਅਤੇ ਡਾਕਟਰ ਇਸ ਨੂੰ ਸੁਰੱਖਿਅਤ ਅਤੇ ਸਾਈਡ ਇਫੈਕਟ ਰਹਿਤ ਮਦਦਗਾਰ ਉਪਾਅ ਮੰਨਦੇ ਹਨ। ਖੋਜਕਰਤਾ ਹੁਣ ਇਹ ਜਾਣਨ ’ਤੇ ਕੰਮ ਕਰ ਰਹੇ ਹਨ ਕਿ ਵੱਖ-ਵੱਖ ਤਰ੍ਹਾਂ ਦੇ ਸੰਗੀਤ ਦਾ ਐਨਸਥੀਸੀਆ ਦੀ ਜ਼ਰੂਰਤ ’ਤੇ ਕਿੰਨਾ ਪ੍ਰਭਾਵ ਪੈਂਦਾ ਹੈ।

956 ਮਰੀਜ਼ਾਂ ’ਤੇ ਕੀਤਾ ਗਿਆ ਅਧਿਐਨ

ਮੈਡੀਕਲ ਸਿੱਖਿਆ ਅਤੇ ਖੋਜ ਪ੍ਰੀਸ਼ਦ (ਏਮਜ਼) ਅਤੇ ਲੋਕਨਾਇਕ ਹਸਪਤਾਲ ਦਿੱਲੀ ਦੇ ਡਾਕਟਰਾਂ ਵੱਲੋਂ ਕੀਤੇ ਗਏ ਇਸ ਅਧਿਐਨ ’ਚ 956 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸਾਰਿਆਂ ਦੀ ਬਲੈਡਰ ਦੀ ਸਰਜਰੀ ਹੋਈ ਸੀ। ਮਰੀਜ਼ਾਂ ਨੂੰ ਤਿੰਨ ਤਰ੍ਹਾਂ ਦਾ ਸੰਗੀਤ ਸੁਣਾਇਆ ਗਿਆ ; ਇਨ੍ਹਾਂ ’ਚ 28 ਮਰੀਜ਼ ਅਜਿਹੇ ਸਨ, ਜਿਨ੍ਹਾਂ ਨੂੰ ਕੋਈ ਵੀ ਸੰਗੀਤ ਨਹੀਂ ਸੁਣਾਇਆ ਗਿਆ ਅਤੇ 28 ਨੂੰ ਆਰਾਮਦਾਇਕ ਸੰਗੀਤ ਸੁਣਾਇਆ ਗਿਆ। ਜਿਨ੍ਹਾਂ ਮਰੀਜ਼ਾਂ ਨੇ ਸੰਗੀਤ ਸੁਣਿਆ ਉਨ੍ਹਾਂ ’ਚ ਤਣਾਅ ਘਟਿਆ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਵੀ ਆਮ ਪਾਈ ਗਈ। ਇਹ ਅਧਿਐਨ ਜੂਨ 2023 ਅਤੇ ਅਪ੍ਰੈਲ 2024 ਦਰਮਿਆਨ ਕੀਤਾ ਗਿਆ ਸੀ ਅਤੇ ਇਸ ਨੂੰ ਦਿ ਲੈਂਸੇਟ ਰੀਜਨਲ ਹੈਲਥ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਵਿਚ ਪਾਇਆ ਗਿਆ ਕਿ ਸ਼ਾਂਤ ਆਵਾਜ਼ ਅਤੇ ਸੰਗੀਤ ਸੁਣਨ ਨਾਲ ਅੈਨਸਥੀਸੀਆ ਦੀ ਲੋੜ ਘਟ ਜਾਂਦੀ ਹੈ। ਖੋਜਕਾਰਾਂ ਨੇ ਕਿਹਾ ਕਿ ਇਹ ਭਵਿੱਖ ਵਿਚ ਅੈਨਸਥੀਸੀਆ ਦੀ ਖੁਰਾਕ ਘਟਾਉਣ ਵਿਚ ਲਾਭਦਾਇਕ ਸਾਬਤ ਹੋ ਸਕਦਾ ਹੈ।

ਅਧਿਐਨ ਦੀਆਂ ਕੁਝ ਖਾਸ ਗੱਲਾਂ

- ਸਰਜਰੀ ਤੋਂ ਪਹਿਲਾਂ ਮਰੀਜ਼ਾਂ ਨੂੰ ਆਰਾਮ ਦੇਣ ਲਈ ਬਾਂਸੁਰੀ ਅਤੇ ਪਿਆਨੋ ਦੀਆਂ ਆਵਾਜ਼ਾਂ ਸੁਣਾਈਆਂ ਗਈਆਂ।

-ਮਰੀਜ਼ਾਂ ਨੂੰ ਆਪ੍ਰੇਸ਼ਨ ਦੌਰਾਨ 60 ਮਿੰਟ ਤੱਕ ਸੰਗੀਤ ਸੁਣਾਇਆ ਗਿਆ, ਮਰੀਜ਼ ਆਪਣੀ ਪਸੰਦ ਦਾ ਸੰਗੀਤ ਵੀ ਚੁਣ ਸਕਦੇ ਸਨ।

- ਸਰਜਰੀ ਤੋਂ ਪਹਿਲਾਂ ਸੰਗੀਤ ਵਰਗ ਦੇ ਮਰੀਜ਼ਾਂ ਦੇ ਤਣਾਅ ਦੇ ਪੱਧਰ ਨੂੰ ਮਾਪਣ ਲਈ ਦਿਲ ਦੀ ਗਤੀ ਦਾ ਅਧਿਐਨ ਕੀਤਾ ਗਿਆ।

-249 ਮਰੀਜ਼ਾਂ ਵਿਚ ਪਾਇਆ ਗਿਆ ਕਿ ਸੰਗੀਤ ਸੁਣਨ ਵਾਲੇ ਮਰੀਜ਼ਾਂ ਦੀ ਦਿਲ ਦੀ ਧੜਕਣ ਆਮ ਸੀ।

-ਸਰਜਰੀ ਤੋਂ ਬਾਅਦ 536 ਮਰੀਜ਼ਾਂ ’ਚ ਪਾਇਆ ਗਿਆ ਕਿ ਸੰਗੀਤ ਸੁਣਨ ਤੋਂ ਬਾਅਦ ਉਨ੍ਹਾਂ ਦੀ ਸਿਹਤਯਾਬੀ ਬਿਹਤਰ ਰਹੀ।


author

cherry

Content Editor

Related News