ਕਿਵੇਂ ਹੋਈ ਜਨਮਦਿਨ ''ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ ਦਿਲਚਸਪ ਇਤਿਹਾਸ
Saturday, Feb 14, 2026 - 05:36 PM (IST)
ਵੈੱਬ ਡੈਸਕ : ਅੱਜ ਦੇ ਸਮੇਂ 'ਚ ਜਨਮਦਿਨ ਦੀ ਖੁਸ਼ੀ ਮਨਾਉਣ ਲਈ ਕੇਕ ਕੱਟਣਾ, ਮੋਮਬੱਤੀਆਂ ਬਾਲਣਾ ਤੇ ਤਾੜੀਆਂ ਵਜਾਉਣਾ ਇੱਕ ਅਹਿਮ ਰਸਮ ਬਣ ਚੁੱਕੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਪਰੰਪਰਾ ਕਿੱਥੋਂ ਸ਼ੁਰੂ ਹੋਈ? ਇਸ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਸ ਦੀ ਸ਼ੁਰੂਆਤ ਪ੍ਰਾਚੀਨ ਮਿਸਰ (Egypt) ਤੋਂ ਹੋਈ ਸੀ।
ਮਿਸਰ ਤੋਂ ਹੋਈ ਸ਼ੁਰੂਆਤ
ਸਰੋਤਾਂ ਅਨੁਸਾਰ, ਸਭ ਤੋਂ ਪਹਿਲਾਂ ਜਨਮਦਿਨ ਮਨਾਉਣ ਦੀ ਪਰੰਪਰਾ ਪ੍ਰਾਚੀਨ ਮਿਸਰ ਦੇ ਲੋਕਾਂ ਨੇ ਸ਼ੁਰੂ ਕੀਤੀ ਸੀ। ਉਹ ਮੰਨਦੇ ਸਨ ਕਿ ਜਦੋਂ ਫਰਾਓ (Pharaohs) ਰਾਜਾ ਬਣਦੇ ਸਨ ਤਾਂ ਉਹ ਦੇਵਤੇ ਬਣ ਜਾਂਦੇ ਸਨ ਤੇ ਉਨ੍ਹਾਂ ਦੀ ਤਾਜਪੋਸ਼ੀ ਦਾ ਦਿਨ ਹੀ ਉਨ੍ਹਾਂ ਦਾ ਅਸਲੀ 'ਜਨਮ' ਮੰਨਿਆ ਜਾਂਦਾ ਸੀ। ਹਾਲਾਂਕਿ ਉਸ ਸਮੇਂ ਜਸ਼ਨਾਂ 'ਚ ਦਾਵਤਾਂ ਤੇ ਗਾਣੇ-ਵਜਾਣੇ ਹੁੰਦੇ ਸਨ ਪਰ ਕੇਕ ਵਰਗੀ ਕੋਈ ਚੀਜ਼ ਨਹੀਂ ਸੀ।
ਗ੍ਰੀਸ 'ਚ ਹੋਈ 'ਮਿੱਠੇ' ਦੀ ਐਂਟਰੀ
ਜਨਮਦਿਨ ਦੇ ਜਸ਼ਨ 'ਚ ਕੇਕ ਤੇ ਮੋਮਬੱਤੀਆਂ ਦਾ ਸਬੰਧ ਪ੍ਰਾਚੀਨ ਗ੍ਰੀਸ (Greece) ਨਾਲ ਜੁੜਿਆ ਹੋਇਆ ਹੈ। ਗ੍ਰੀਕ ਲੋਕ ਚੰਦ ਦੀ ਦੇਵੀ 'ਆਰਟੇਮਿਸ' ਨੂੰ ਖੁਸ਼ ਕਰਨ ਲਈ ਗੋਲ ਚੰਦ ਵਰਗੀ ਮਿਠਾਈ ਬਣਾਉਂਦੇ ਸਨ, ਜੋ ਸ਼ਹਿਦ ਤੇ ਮੇਵਿਆਂ ਨਾਲ ਬਣੀ ਹੁੰਦੀ ਸੀ। ਇਸ ਦੇ ਉੱਪਰ ਮੋਮਬੱਤੀਆਂ ਬਾਲੀਆਂ ਜਾਂਦੀਆਂ ਸਨ ਤਾਂ ਜੋ ਇਹ ਚੰਦ ਵਾਂਗ ਚਮਕੇ। ਉਨ੍ਹਾਂ ਦਾ ਮੰਨਣਾ ਸੀ ਕਿ ਮੋਮਬੱਤੀਆਂ ਦਾ ਧੂੰਆਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਦੇਵੀ ਤੱਕ ਪਹੁੰਚਾਉਂਦਾ ਹੈ।
ਔਰਤਾਂ ਦੇ ਜਨਮਦਿਨ ਤੇ ਉਦਯੋਗਿਕ ਕ੍ਰਾਂਤੀ
ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 12ਵੀਂ ਸਦੀ ਤੱਕ ਔਰਤਾਂ ਦੇ ਜਨਮਦਿਨ ਨਹੀਂ ਮਨਾਏ ਜਾਂਦੇ ਸਨ। ਕਈ ਸਦੀਆਂ ਤੱਕ ਕੇਕ ਸਿਰਫ਼ ਅਮੀਰਾਂ ਤੱਕ ਹੀ ਸੀਮਤ ਸੀ ਕਿਉਂਕਿ ਖੰਡ ਅਤੇ ਮੈਦਾ ਬਹੁਤ ਮਹਿੰਗੇ ਸਨ। 18ਵੀਂ ਸਦੀ ਦੀ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜਦੋਂ ਮਸ਼ੀਨਾਂ ਰਾਹੀਂ ਉਤਪਾਦਨ ਵਧਿਆ ਤਾਂ ਕੇਕ ਆਮ ਲੋਕਾਂ ਦੀ ਪਹੁੰਚ ਵਿੱਚ ਆਇਆ।
ਜਰਮਨੀ ਦਾ 'ਕਿੰਡਰਫੈਸਟ' ਤੇ ਮੋਮਬੱਤੀਆਂ ਬੁਝਾਉਣ ਦੀ ਰਸਮ
ਜਰਮਨੀ 'ਚ 'ਕਿੰਡਰਫੈਸਟ' ਨਾਮ ਦੀ ਪਰੰਪਰਾ ਰਾਹੀਂ ਬੱਚਿਆਂ ਦੇ ਜਨਮਦਿਨ ਮਨਾਉਣੇ ਸ਼ੁਰੂ ਹੋਏ। ਉੱਥੇ ਸਵੇਰ ਤੋਂ ਸ਼ਾਮ ਤੱਕ ਮੋਮਬੱਤੀਆਂ ਜਲਾਈਆਂ ਜਾਂਦੀਆਂ ਸਨ ਤੇ ਸ਼ਾਮ ਨੂੰ ਬੱਚਾ ਇੱਕੋ ਸਾਹ 'ਚ ਮੋਮਬੱਤੀਆਂ ਬੁਝਾ ਕੇ ਆਪਣੀ ਇੱਛਾ (wish) ਮੰਗਦਾ ਸੀ। ਮੰਨਿਆ ਜਾਂਦਾ ਸੀ ਕਿ ਧੂੰਆਂ ਇਸ ਇੱਛਾ ਨੂੰ ਦੇਵਤਿਆਂ ਤੱਕ ਲੈ ਕੇ ਜਾਂਦਾ ਹੈ।
ਅੱਜ ਇਹ ਪਰੰਪਰਾ ਪੂਰੀ ਦੁਨੀਆ 'ਚ ਫੈਲ ਚੁੱਕੀ ਹੈ। ਸ਼ਹਿਦ ਅਤੇ ਮੇਵਿਆਂ ਤੋਂ ਸ਼ੁਰੂ ਹੋਇਆ ਕੇਕ ਦਾ ਸਫਰ ਹੁਣ ਚਾਕਲੇਟ, ਵਨੀਲਾ ਅਤੇ ਫਰੂਟ ਕੇਕ ਵਰਗੇ ਕਈ ਫਲੇਵਰਾਂ ਤੱਕ ਪਹੁੰਚ ਗਿਆ ਹੈ। ਹੁਣ ਇਹ ਕੇਕ ਸਿਰਫ਼ ਇੱਕ ਮਿਠਾਈ ਨਹੀਂ, ਸਗੋਂ ਖੁਸ਼ੀਆਂ ਦਾ ਪ੍ਰਤੀਕ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
