ਏਮਜ਼ ''ਚ ਸ਼ੁਰੂ ਹੋਇਆ ਭਾਰਤ ਬਾਇਓਟੈਕ ਦੀ Covaxin ਵੈਕਸੀਨ ਦੇ ਤੀਸਰੇ ਪੜਾਅ ਦਾ ਟ੍ਰਾਇਲ
Thursday, Nov 26, 2020 - 07:18 PM (IST)
ਨਵੀਂ ਦਿੱਲੀ - ਸਵਦੇਸ਼ੀ ਰੂਪ ਨਾਲ ਵਿਕਸਿਤ ਕੀਤੀ ਜਾ ਰਹੀ ਐਂਟੀ-ਕੋਰੋਨਾ ਵਾਇਰਸ ਵੈਕਸੀਨ ਕੋਵੈਕਸੀਨ ਦਾ ਤੀਸਰੇ ਪੜਾਅ ਦਾ ਹਿਊਮਨ ਟ੍ਰਾਇਲ ਵੀਰਵਾਰ ਨੂੰ ਏਮਜ਼ 'ਚ ਸ਼ੁਰੂ ਹੋ ਗਿਆ। ਏਮਜ਼ ਦੇ ਨਿਊਰੋਸਾਇੰਸਸ ਸੈਂਟਰ ਦੇ ਚੀਫ ਡਾ. ਐੱਮ.ਵੀ. ਪਦਮ ਸ਼੍ਰੀਵਾਸਤਵ ਅਤੇ ਤਿੰਨ ਹੋਰ ਵਾਲੰਟੀਅਰਾਂ ਨੂੰ ਅੱਜ ਪਹਿਲਾ ਡੋਜ਼ ਦੇ ਕੇ ਤੀਸਰੇ ਪੜਾਅ ਦਾ ਟ੍ਰਾਇਲ ਸ਼ੁਰੂ ਹੋ ਗਿਆ। ਭਾਰਤ ਮੈਡੀਕਲ ਕੌਂਸਲ (ਆਈ.ਸੀ.ਐੱਮ.ਆਰ.) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਵੱਲੋਂ ਕੋਵੈਕਸੀਨ ਤਿਆਰ ਕੀਤਾ ਜਾ ਰਿਹਾ ਹੈ।
ਏਮਜ਼ 'ਚ ਲੱਗਭੱਗ 15,000 ਵਾਲੰਟੀਅਰ ਨੂੰ ਵੈਕਸੀਨ ਦੇ ਡੋਜ਼ ਦਿੱਤੇ ਜਾਣਗੇ
ਸੂਤਰਾਂ ਨੇ ਕਿਹਾ ਕਿ ਡਾ. ਸ਼੍ਰੀਵਾਸਤਵ ਅਜਿਹੇ ਪਹਿਲੇ ਸ਼ਖਸ ਹਨ ਜਿਨ੍ਹਾਂ ਨੂੰ ਵੈਕਸੀਨ ਦੇ ਤੀਸਰੇ ਪੜਾਅ ਲਈ ਡੋਜ਼ ਦਿੱਤਾ ਗਿਆ ਹੈ। ਅਗਲੇ ਕੁੱਝ ਦਿਨਾਂ 'ਚ ਏਮਜ਼ 'ਚ ਲੱਗਭੱਗ 15,000 ਵਾਲੰਟੀਅਰ ਨੂੰ ਵੈਕਸੀਨ ਦੇ ਡੋਜ਼ ਦਿੱਤੇ ਜਾਣਗੇ। 0.5 ਮਿਲੀਲੀਟਰ ਇੰਟ੍ਰਾਮਸਕਿਉਲਰ ਇੰਜੈਕਸ਼ਨ ਦੀ ਪਹਿਲੀ ਖੁਰਾਕ ਚਾਰ ਸਵੈ-ਸੇਵਕਾਂ ਨੂੰ ਦਿੱਤੀ ਗਈ ਹੈ ਅਤੇ ਇਹ ਖੁਰਾਕ 28 ਦਿਨਾਂ ਤੱਕ ਦਿੱਤੀ ਜਾਵੇਗੀ। ਸੂਤਰ ਨੇ ਕਿਹਾ ਕਿ ਉਹ ਦੋ ਘੰਟੇ ਤੱਕ ਨਿਗਰਾਨੀ 'ਚ ਰਹੇ ਅਤੇ ਅਗਲੇ ਕੁੱਝ ਦਿਨਾਂ ਤੱਕ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ।
ਡੀ.ਸੀ.ਜੀ.ਆਈ. ਤੋਂ ਮਿਲੀ ਮਨਜ਼ੂਰੀ
ਪੜਾਅ-ਤਿੰਨ ਰੈਂਡਮਾਇਜਡ ਡਬਲ-ਬਲਾਇੰਡ ਪਲੇਸਬੋ-ਕੰਟਰੋਲ ਮਲਟੀ-ਸੈਂਟਰ ਪ੍ਰੀਖਣ 18 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੱਗਭੱਗ 28,500 ਲੋਕਾਂ ਨੂੰ ਕਵਰ ਕਰੇਗਾ। ਇਹ 10 ਸੂਬਿਆਂ 'ਚ ਲੱਗਭੱਗ 25 ਸਾਈਟਾਂ 'ਚ ਆਯੋਜਿਤ ਕੀਤਾ ਜਾਵੇਗਾ। ਕੁੱਝ ਸਾਈਟਾਂ 'ਤੇ ਪ੍ਰੀਖਣ ਸ਼ੁਰੂ ਹੋ ਚੁੱਕਾ ਹੈ। ਭਾਰਤ ਬਾਇਓਟੈਕ ਨੂੰ ਡੀ.ਸੀ.ਜੀ.ਆਈ. ਤੋਂ ਕੋਵੈਕਸੀਨ ਦੇ ਪੜਾਅ -3 ਮਨੁੱਖੀ ਕਲੀਨਿਕਲ ਟ੍ਰਾਇਲ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਗਈ ਹੈ।