ਪੈਟਰੋਲ ਪੰਪ ਮੈਨੇਜਰ ਨੂੰ ਗੋਲੀਆਂ ਨਾਲ ਭੁੰਨਿਆ, 11 ਲੱਖ ਰੁਪਏ ਲੁੱਟੇ
Monday, Nov 18, 2019 - 04:44 PM (IST)

ਗੋਰਖਪੁਰ (ਭਾਸ਼ਾ)— ਗੋਰਖਪੁਰ ਦੇ ਬੇਲੀਪਾਰ ਖੇਤਰ 'ਚ ਸੋਮਵਾਰ ਨੂੰ ਅਣਪਛਾਤੇ ਲੁਟੇਰਿਆਂ ਨੇ ਇਕ ਪੈਟਰੋਲ ਪੰਪ ਦੇ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ 11 ਲੱਖ ਰੁਪਏ ਲੁੱਟ ਲਏ। ਵਧੀਕ ਐੱਸ. ਪੀ. ਵਿਪੁਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਬੇਲੀਪਾਰ ਥਾਣਾ ਖੇਤਰ ਸਥਿਤ ਮਹਿਰੌਲੀ ਪੈਟਰੋਲ ਪੰਪ ਦੇ ਮੈਨੇਜਰ ਆਨੰਦ ਸਵਰੂਪ ਮਿਸ਼ਰਾ 11.22 ਲੱਖ ਰੁਪਏ ਜਮਾਂ ਕਰਨ ਲਈ ਆਪਣੇ ਸਾਥੀ ਸੁਨੀਲ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਹਾਵੀਰ ਛਪਰਾ ਇਲਾਕੇ ਵਿਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵੱਲ ਜਾ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਰਾਹ ਵਿਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਮਿਸ਼ਰਾ 'ਤੇ ਪਿੱਛਿਓਂ ਗੋਲੀਆਂ ਚਲਾ ਦਿੱਤੀਆਂ ਅਤੇ ਪੈਸਿਆਂ ਦਾ ਭਰਿਆ ਬੈਗ ਲੈ ਕੇ ਦੌੜ ਗਏ। ਸ਼੍ਰੀਵਾਸਤਵ ਨੇ ਦੱਸਿਆ ਕਿ ਗੋਲੀ ਸਵਰੂਪ ਮਿਸ਼ਰਾ ਦੀ ਪਿੱਠ ਅਤੇ ਪੈਰ 'ਤੇ ਲੱਗੀ। ਬੀ. ਆਰ. ਡੀ. ਮੈਡੀਕਲ ਕਾਲਜ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨਾਲ ਸਾਥੀ ਸੁਨੀਲ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।