ਅਗਨੀਵੀਰ ਭਰਤੀ ਦਾ ਨਤੀਜਾ ਵੇਖ ਨੌਜਵਾਨ ਦਾ ਟੁੱਟਿਆ ਦਿਲ, ਗਲ਼ ਲਾਈ ਮੌਤ
Wednesday, Nov 02, 2022 - 11:24 AM (IST)
ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਬਾਗੇਸ਼ਵਰ 'ਚ ਅਗਨੀਵੀਰ ਭਰਤੀ 'ਚ ਅਸਫ਼ਲ ਰਹਿਣ 'ਤੇ ਇਕ ਨੌਜਵਾਨ ਨੇ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇੱਥੇ ਮਿਲੀ ਜਾਣਕਾਰੀ ਅਨੁਸਾਰ ਬਾਗੇਸ਼ਵਰ ਦੇ ਕਪਕੋਟ ਤਹਿਸੀ ਦੇ ਫਰਸਾਲੀ ਪਿੰਡ ਵਾਸੀ ਕਮਲੇਸ਼ ਗੋਸਵਾਮੀ ਫ਼ੌਜ ਦੇ ਮਾਧਿਅਮ ਨਾਲ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਕਾਫ਼ੀ ਮਿਹਨਤ ਕੀਤੀ ਅਤੇ ਅਗਨੀਵੀਰ ਬਣਨ ਲਈ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਪਰ ਮੰਗਲਵਾਰ ਨੂੰ ਜਦੋਂ ਅਗਨੀਵੀਰ ਭਰਤੀ ਦਾ ਨਤੀਜਾ ਆਇਆ ਤਾਂ ਅਸਫ਼ਲ ਰਹਿਣ 'ਤੇ ਉਸ ਨੇ ਜ਼ਹਿਰ ਖਾ ਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ। ਜਿੱਥੇ ਬੀਤੀ ਰਾਤ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਕਮਲੇਸ਼ ਕੋਲ ਐੱਨ.ਸੀ.ਸੀ. ਦਾ ਸੀ ਸਰਟੀਫਿਕੇਟ ਵੀ ਸੀ ਅਤੇ ਉਸ ਨੂੰ ਅਗਨੀਵੀਰ ਭਰਤੀ 'ਚ ਸਫ਼ਲਤਾ ਨੂੰ ਲੈ ਕੇ ਪੂਰੀ ਤਰ੍ਹਾਂ ਯਕੀਨ ਸੀ। ਗੁੱਸੇ 'ਚ ਕਮਲੇਸ਼ ਨੇ ਜ਼ਹਿਰ ਖਾਣ ਤੋਂ ਪਹਿਲਾਂ ਵੀਡੀਓ ਬਣਾਇਆ ਅਤੇ ਉਸ ਨੂੰ ਆਪਣੇ ਸਟੇਟਸ 'ਚ ਪਾ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਅਤੇ ਖੇਤਰ 'ਚ ਸੋਗ ਦੀ ਲਹਿਰ ਹੈ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ