ਪੀ. ਸੀ. ਘੋਸ਼ ਹੋ ਸਕਦੇ ਨੇ ਭਾਰਤ ਦੇ ਪਹਿਲੇ ਲੋਕਪਾਲ, ਐਲਾਨ ਜਲਦ

03/17/2019 3:57:48 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਪਿਨਾਕੀ ਚੰਦਰ ਘੋਸ਼ (ਪੀ. ਸੀ.) ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਜਲਦੀ ਹੀ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਜਾਵੇਗਾ। ਲੋਕਪਾਲ ਦੀ ਚੋਣ ਕਮੇਟੀ ਨੇ ਲੋਕਪਾਲ ਪ੍ਰਧਾਨ ਅਤੇ 8 ਮੈਂਬਰਾਂ ਦੇ ਨਾਂ ਫਾਈਨਲ ਕਰ ਲਏ ਹਨ, ਜਿਨ੍ਹਾਂ 'ਚ ਹਾਈ ਕੋਰਟ ਦੇ 4 ਸਾਬਕਾ ਜੱਜ, 4 ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਤੇ ਹੋਰ ਸੇਵਾਵਾਂ ਦੇ ਰਿਟਾਇਰਡ ਅਧਿਕਾਰੀ ਸ਼ਾਮਲ ਹੋਣਗੇ। ਪੀ. ਸੀ. ਘੋਸ਼ 27 ਮਈ 2017 ਨੂੰ ਸੁਪਰੀਮ ਕੋਰਟ ਤੋਂ ਰਿਟਾਇਰਡ ਹੋਏ ਸਨ ਅਤੇ ਮੌਜੂਦਾ ਸਮੇਂ ਵਿਚ ਉਹ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਹਨ। ਉਹ ਕੋਲਕਾਤਾ ਹਾਈ ਕੋਰਟ ਦੇ ਜੱਜ ਅਤੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ। ਜਸਟਿਸ ਘੋਸ਼ ਨੇ ਆਪਣੇ ਸੁਪਰੀਮ ਕੋਰਟ ਦੇ ਕਾਰਜਕਾਲ ਦੌਰਾਨ ਕਈ ਅਹਿਮ ਫੈਸਲੇ ਦਿੱਤੇ।

ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਤੇ ਇਕ ਸੁਤੰਤਰ ਅਤੇ ਮਜ਼ਬੂਤ ਸੰਸਥਾ ਸਥਾਪਤ ਕਰਨ ਲਈ ਸਾਲ 2013 ਵਿਚ ਲੋਕਪਾਲ ਅਤੇ ਲੋਕਾਯੁਕਤ ਬਿੱਲ ਪਾਸ ਕੀਤਾ ਸੀ। 16 ਜਨਵਰੀ 2014 ਨੂੰ ਇਹ ਬਿੱਲ ਲਾਗੂ ਹੋਇਆ ਸੀ। ਹਾਲਾਂਕਿ ਕੇਂਦਰ ਦੀ ਮੋਦੀ ਸਰਕਾਰ 5 ਸਾਲ ਦੇ ਕਾਰਜਕਾਲ 'ਚ ਲੋਕਪਾਲ ਦੀ ਨਿਯੁਕਤੀ ਨਹੀਂ ਕਰ ਸਕੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਅਤੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਇਸ ਕਮੇਟੀ ਦੇ ਮੈਂਬਰ ਹਨ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਮੈਂਬਰਾਂ ਦੀ ਚੋਣ ਕਮੇਟੀ ਦੀ ਬੈਠਕ ਕੀਤੀ ਗਈ, ਜਿਸ 'ਚ ਲੋਕਪਾਲ ਦੀ ਨਿਯੁਕਤੀ ਲਈ ਸਲਾਹ-ਮਸ਼ਵਰਾ ਕੀਤਾ ਗਿਆ ਸੀ।


Tanu

Content Editor

Related News