ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਦਾ ਮਾਮਲਾ : ਪਵਨ ਖੇੜਾ ਏਅਰਪੋਰਟ ਤੋਂ ਗ੍ਰਿਫ਼ਤਾਰ, SC ਤੋਂ ਜ਼ਮਾਨਤ

Friday, Feb 24, 2023 - 11:54 AM (IST)

ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਦਾ ਮਾਮਲਾ : ਪਵਨ ਖੇੜਾ ਏਅਰਪੋਰਟ ਤੋਂ ਗ੍ਰਿਫ਼ਤਾਰ, SC ਤੋਂ ਜ਼ਮਾਨਤ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਹੁਕਮ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਥਿਤ ਟਿੱਪਣੀਆਂ ਨੂੰ ਲੈ ਕੇ ਆਸਾਮ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਕਾਂਗਰਸ ਨੇਤਾ ਪਵਨ ਖੇੜਾ ਨੂੰ 28 ਫਰਵਰੀ ਤੱਕ ਅੰਤਰਿਮ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਵਾਲੀ 3 ਜੱਜਾਂ ਦੀ ਬੈਂਚ ਨੇ ਕਿਹਾ ਕਿ ਦਿੱਲੀ ਵਿਚ ਸਮਰੱਥ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ ਜਾਣ ’ਤੇ ਖੇੜਾ ਨੂੰ ਅੰਤਰਿਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਜਾਵੇ। ਬੈਂਚ ਨੇ ਕਿਹਾ ਕਿ ਉਕਤ ਹੁਕਮ ਮੰਗਲਵਾਰ (28 ਫਰਵਰੀ) ਤੱਕ ਲਾਗੂ ਰਹੇਗਾ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 27 ਫਰਵਰੀ ਤੈਅ ਕੀਤੀ। ਸੁਪਰੀਮ ਕੋਰਟ ਨੇ ਆਸਾਮ ਅਤੇ ਉੱਤਰ ਪ੍ਰਦੇਸ਼ ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਖੇੜਾ ਦੀ ਉਸ ਪਟੀਸ਼ਨ ’ਤੇ ਜਵਾਬ ਮੰਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਖਿਲਾਫ ਉਨ੍ਹਾਂ ਦੀਆਂ ਕਥਿਤ ਟਿੱਪਣੀਆਂ ਨੂੰ ਲੈ ਕੇ ਆਸਾਮ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਤੇ ਵਾਰਾਣਸੀ ਵਿਚ ਉਨ੍ਹਾਂ ਖ਼ਿਲਾਫ਼ ਦਰਜ ਕਈ ਸ਼ਿਕਾਇਤਾਂ ਨੂੰ ਇਕੱਠਾ ਜੋੜਨ ਦੀ ਬੇਨਤੀ ਕੀਤੀ ਗਈ ਹੈ।

ਖੇੜਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਏ. ਐੱਮ. ਸਿੰਘਵੀ ਨੇ ਕਿਹਾ ਕਿ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ’ਤੇ ਆਪਣੀ ਟਿੱਪਣੀ ਲਈ ਉਸੇ ਦਿਨ ਮੁਆਫੀ ਮੰਗੀ ਸੀ ਅਤੇ ਉਨ੍ਹਾਂ ’ਤੇ ਲਾਏ ਗਏ ਦੋਸ਼ਾਂ ਦੇ ਸਿਲਸਿਲੇ ਵਿਚ ਗ੍ਰਿਫ਼ਤਾਰੀ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਟਿੱਪਣੀ ਵਿਚ ਇਸਤੇਮਾਲ ਕੀਤੇ ਗਏ ਸ਼ ਬਦਾਂ ਦੀ ਚੋਣ ਅਤੇ ਲਾਈਆਂ ਗਈਆਂ ਧਾਰਾਵਾਂ ਕਥਿਤ ਅਪਰਾਧਾਂ ਨਾਲ ਮੇਲ ਨਹੀਂ ਖਾਂਦੀਆਂ। ਸਿੰਘਵੀ ਨੇ ਕਿਹਾ ਿਕ ਇਸ ਨਾਲ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਪ੍ਰਭਾਵ ਪਵੇਗਾ। ਬੀਤੇ ਦਿਨ ਕਾਂਗਰਸ ਦੇ ਰਾਸ਼ਟਰੀ ਜਨਰਲ ਇਜਲਾਸ ਵਿਚ ਿਹੱਸਾ ਲੈਣ ਲਈ ਰਾਏਪੁਰ ਜਾ ਰਹੇ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੂੰ ਰਾਏਪੁਰ ਜਾਣ ਵਾਲੇ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ ਅਤੇ ਦਿੱਲੀ ਹਵਾਈ ਅੱਡੇ ’ਤੇ ਗ੍ਰਿਫਤਾਰ ਕਰ ਲਿਆ ਗਿਆ।

ਦਿੱਲੀ ਪੁਲਸ ਨੇ ਕਿਹਾ ਕਿ ਆਸਾਮ ਪੁਲਸ ਦੀ ਬੇਨਤੀ ’ਤੇ ਖੇੜਾ ਨੂੰ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਦੇ ਨਾਲ ਗਏ ਕਾਂਗਰਸ ਨੇਤਾ ਵਿਰੋਧ ਵਿਚ ਧਰਨੇ ’ਤੇ ਬੈਠ ਗਏ ਅਤੇ ਗ੍ਰਿਫ਼ਤਾਰੀ ਵਾਰੰਟ ਤੋਂ ਬਿਨਾਂ ਉਨ੍ਹਾਂ ਨੂੰ ਲਿਜਾਣ ਦੇ ਯਤਨਾਂ ਦਾ ਵਿਰੋਧ ਕੀਤਾ। ਉਡਾਣ ਵਿਚ ਮੌਜੂਦ ਕਾਂਗਰਸ ਬੁਲਾਰੇ ਸੁਪ੍ਰਿਯਾ ਸ਼੍ਰੀਨੇਤ ਨੇ ਟਵਿੱਟਰ ’ਤੇ ਕਿਹਾ, ‘‘ਅਸੀ ਸਾਰੇ ਇੰਡੀਗੋ 6ਈ 204 ਉਡਾਨ ਰਾਹੀਂ ਰਾਏਪੁਰ ਜਾ ਰਹੇ ਹਾਂ ਅਤੇ ਅਚਾਨਕ ਮੇਰੇ ਸਾਥੀ ਪਵਨ ਖੇੜਾ ਨੂੰ ਜਹਾਜ਼ ਤੋਂ ਹੇਠਾਂ ਉਤਰਨ ਲਈ ਿਕਹਾ ਗਿਆ।’’ ਉਨ੍ਹਾਂ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਮਨਮਾਨੀ ਹੈ? ਕੋਈ ਕਾਨੂੰਨ ਦਾ ਸ਼ਾਸਨ ਹੈ ਜਾਂ ਨਹੀਂ? ਇਹ ਕਿਸ ਆਧਾਰ ’ਤੇ ਅਤੇ ਕਿਸ ਦੇ ਹੁਕਮ ’ਤੇ ਕੀਤਾ ਜਾ ਰਿਹਾ ਹੈ?’’


author

DIsha

Content Editor

Related News