''ਕੋਰੋਨਾ'' ਦਾ ਖ਼ੌਫ਼: ਬੱਚਿਆਂ ਨੂੰ ਟੀਕੇ ਲਗਵਾਉਣ ਤੋਂ ਡਰ ਰਹੇ ਨੇ ਮਾਪੇ
Monday, Sep 07, 2020 - 05:05 PM (IST)
ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਦੇ ਡਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਮੇਂ 'ਤੇ ਟੀਕਾ ਨਹੀਂ ਲਗਵਾ ਰਹੇ ਹਨ। ਬਾਲ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਟੀਕਿਆਂ ਨੂੰ ਸਮੇਂ 'ਤੇ ਨਾ ਲੱਗਣਾ ਬੱਚਿਆਂ ਦੀ ਸਿਹਤ 'ਤੇ ਲੰਬੇ ਸਮੇਂ ਤੱਕ ਅਸਰ ਪੈ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮੇਂ 'ਤੇ ਟੀਕੇ ਲਗਵਾਉਣੇ ਚਾਹੀਦੇ ਹਨ, ਖ਼ਾਸ ਕਰ ਕੇ ਇਕ ਸਾਲ ਤੋਂ ਛੋਟੇ ਬੱਚਿਆਂ ਨੂੰ। ਦਿੱਲੀ ਦੇ ਵਸੰਤ ਕੁੰਜ ਸਥਿਤ ਫੋਰਟਿਸ ਹਸਪਤਾਲ ਦੇ ਬਾਲ ਰੋਗ ਮਹਿਕਮੇ ਦੇ ਡਾਇਰੈਕਟਰ ਡਾ. ਰਾਹੁਲ ਨਾਗਪਾਲ ਨੇ ਕਿਹਾ ਕਿ ਕੱਲ੍ਹ ਮੇਰੇ ਕੋਲ ਇਕ ਅਜਿਹਾ ਮਾਮਲਾ ਆਇਆ, ਜਿਸ 'ਚ ਮਾਪੇ ਆਪਣੇ ਬੱਚਿਆਂ ਦਾ ਪੋਲੀਓ ਸੰਬੰਧੀ ਟੀਕਾਕਰਣ ਕਰਾਉਣ ਲਈ 3 ਮਹੀਨੇ ਦੀ ਦੇਰੀ ਨਾਲ ਆਏ ਸਨ। ਉਨ੍ਹਾਂ ਕਿਹਾ ਕਿ ਕਈ ਅਜਿਹੇ ਟੀਕੇ ਹਨ, ਜਿਨ੍ਹਾਂ ਨੂੰ ਤੁਸੀਂ ਬਾਅਦ 'ਚ ਨਹੀਂ ਲਗਵਾ ਸਕਦੇ। ਜਿਵੇਂ ਕਿ 'ਰੋਟਾਵਾਇਰਸ' ਦਾ ਟੀਕਾ, ਜਿਸ ਦੀ ਆਖ਼ਰੀ ਖੁਰਾਕ 7 ਮਹੀਨੇ ਦੇ ਅੰਦਰ ਹੀ ਦਿੱਤੀ ਜਾ ਸਕਦੀ ਹੈ।
ਡਾਕਟਰਾਂ ਮੁਤਾਬਕ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਸ਼ੁਰੂ ਹੋਣ ਦੇ 3-4 ਮਹੀਨੇ ਬਾਅਦ ਤੱਕ ਕਾਫੀ ਘੱਟ ਮਰੀਜ਼ ਆਏ ਸਨ, ਕਿਉਂਕਿ ਲੋਕਾਂ ਨੂੰ ਵਾਇਰਸ ਦੀ ਲਪੇਟ 'ਚ ਆਉਣ ਦਾ ਡਰ ਸੀ ਅਤੇ ਤਾਲਾਬੰਦੀ ਵੀ ਲਾਗੂ ਸੀ। ਮਾਪੇ ਹੁਣ ਵੀ ਬਹੁਤ ਝਿਜਕ ਰਹੇ ਹਨ ਅਤੇ ਟੀਕਾ ਲਗਵਾਉਣ 'ਚ ਦੇਰੀ ਕਰ ਰਹੇ ਹਨ। ਕਈ ਅਜਿਹੇ ਟੀਕੇ ਹੁੰਦੇ ਹਨ, ਜਿਨ੍ਹਾਂ ਨੂੰ 6 ਹਫ਼ਤੇ, 10 ਹਫ਼ਤੇ ਅਤੇ 14 ਹਫ਼ਤਿਆਂ ਦੇ ਅੰਦਰ ਲਗਵਾਉਣਾ ਹੁੰਦਾਹੈ। ਇਸ ਲਈ ਮਹੀਨਿਆਂ ਜਾਂ ਉਸ ਤੋਂ ਵੱਧ ਉਡੀਕ ਨਹੀਂ ਕੀਤੀ ਜਾ ਸਕਦੀ। ਐੱਲ. ਐੱਨ. ਜੇ. ਪੀ. ਹਸਪਤਾਲ ਦੇ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਇਹ ਸੱਚ ਹੈ ਕਿ ਬਾਕੀ ਬੀਮਾਰੀਆਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਡਾ ਹਸਪਤਾਲ ਕੋਵਿਡ ਕੇਂਦਰ ਹੋਣ ਦੀ ਵਜ੍ਹਾ ਤੋਂ ਲੋਕ ਹਸਪਤਾਲ ਆਉਣ ਤੋਂ ਡਰ ਰਹੇ ਹਨ।