‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਪਾਕਿਸਤਾਨ ’ਤੇ ਵਰ੍ਹੇ ਗੁਲਾਮ ਨਬੀ ਆਜ਼ਾਦ
Monday, Mar 21, 2022 - 01:34 PM (IST)
![‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਪਾਕਿਸਤਾਨ ’ਤੇ ਵਰ੍ਹੇ ਗੁਲਾਮ ਨਬੀ ਆਜ਼ਾਦ](https://static.jagbani.com/multimedia/2022_3image_13_33_216783436ghulamnabiazad.jpg)
ਜੰਮੂ– ਫਿਲਮ ‘ਦਿ ਕਸ਼ਮੀਰ ਫਾਈਲਜ਼’ ਦਾ ਸੰਦਰਭ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਐਤਵਾਰ ਨੂੰ ਕਿਹਾ ਕਿ ਤਿੰਨ ਦਹਾਕਿਆਂ ਤੋਂ ਵੀ ਲੰਬੇ ਪਾਕਿਸਤਾਨ ਦੇ ਅੱਤਵਾਦ ਨੇ ਜੰਮੂ ਅਤੇ ਕਸ਼ਮੀਰ ਦੇ ਹਰ ਨਾਗਰਿਕ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਜੋੜਨਾ ਬਿਲਕੁਲ ਗਲਤ ਹੈ। ਘਾਟੀ ’ਚ 1990 ਦੌਰਾਨ ਕਸ਼ਮੀਰੀ ਪੰਡਤਾਂ ਦੇ ਪਲਾਇਨ ’ਤੇ ਆਧਾਰਿਤ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸਨੂੰ ਲੈ ਕੇ ਜਨਤਾ ਦੇ ਵਿਚਾਰ ਸਾਹਮਣੇ ਆਉਣ ਦੇ ਨਾਲ ਹੀ ਸਿਨੇਮਾ ਹਾਲ ’ਚ ਫਿਰਕੂ ਨਾਅਰੇਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
‘ਪਾਕਿਸਤਾਨੀ ਸਪਾਂਸਰਡ ਅੱਤਵਾਦ ਮੌਤ ਅਤੇ ਬਰਬਾਦੀ ਲਈ ਜ਼ਿੰਮੇਵਾਰ’
ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਲਈ ਆਜ਼ਾਦ ਦੇ ਸਨਮਾਨ ’ਚ ਜੰਮੂ ਸਿਵਲ ਸੋਸਾਇਟੀ ਦੁਆਰਾ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ, ‘ਪਾਕਿਸਤਾਨ ਸਪਾਂਸਰਡ ਅੱਤਵਾਦ ਮੌਤ ਅਤੇ ਬਰਬਾਦੀ ਲਿਆਇਆ ਅਤੇ ਇਹੀ ਸਾਰੀਆਂ ਬੁਰੀਆਂ ਚੀਜ਼ਾਂ ਲਈ ਜ਼ਿੰਮੇਵਾਰ ਹੈ।’ ਉਨ੍ਹਾਂ ਕਿਹਾ, ‘ਕਈ ਲੋਕਾਂ ਦੀ ਜਾਨ ਚਲੀ ਗਈ, ਹਜ਼ਾਰਾਂ ਜਨਾਨੀਆਂ ਵਿਧਵਾ ਹੋਈਆਂ ਅਤੇ ਲੱਖਾਂ ਬੱਚੇ ਅਨਾਥ ਹੋਏ, ਉਨ੍ਹਾਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ, ਚਾਹੇ ਉਹ ਮੁਸਲਿਮ, ਹਿੰਦੂ ਜਾਂ ਪੰਡਤ ਹੋਵੇ ਅਤੇ ਇੱਥੋਂ ਤਕ ਕਿ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖ਼ਸ਼ਿਆ।’
ਆਜ਼ਾਦ ਨੇ ਦੋਸ਼ ਲਗਾਇਆ ਕਿ ਸਮਾਜ ’ਚ 90 ਫ਼ੀਸਦੀ ਬੁਰੀਆਂ ਚੀਜ਼ਾਂ ਲਈ ਰਾਜਨੇਤਾ ਜ਼ਿੰਮੇਵਾਰ ਹਨ ਜੋ ਕਿ ਆਪਣੇ ਵੋਟ ਬੈਂਕ ਲਈ ਜਨਤਾ ਨੂੰ ਵੰਡਦੇ ਹਨ। ਨਾਲ ਹੀ ਉਨ੍ਹਾਂ ਸ਼ੱਕ ਜਤਾਇਆ ਕਿ ਕੋਈ ਰਾਜਨੀਤੀ ਇਸ ਵਿਚ ਬਦਲਾਅ ਲਿਆ ਸਕਦੀ ਹੈ ਜਾਂ ਨਹੀਂ?ਕਾਂਗਰਸ ਨੇਤਾ ਨੇ ਕਿਹਾ, ‘ਜੰਮੂ ਹੀ ਸਿਰਫ ਇਕਮਾਤਰ ਸਥਾਨ ਹੈ, ਜਿੱਥੇ ਜੰਮੂ-ਕਸ਼ਮੀਰ ਦੇ ਸਾਰੇ 22 ਜ਼ਿਲ੍ਹਿਆਂ ਅਤੇ ਲੱਦਾਖ ਦੇ ਲੋਕ ਰਹਿ ਰਹੇ ਹਨ।’
ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਏ ਆਜ਼ਾਦ ਨੇ ਕਿਹਾ, ‘ਇਕ ਧਰਮ ਦਾ ਸੱਚਾ ਪੈਰੋਕਾਰ ਗਾਂਧੀ ਵਰਗਾ ਸਭ ਤੋਂ ਵੱਡਾ ਧਰਮਨਿਰਪੱਖ ਹੁੰਦਾ ਹੈ, ਜਦਕਿ ਇਕ ਬਣਾਉਟੀ ਪੈਰੋਕਾਰ ਬਹੁਤ ਖ਼ਤਰਨਾਕ ਹੈ।’