5 ਸਾਲ ਪਹਿਲਾਂ ਪਾਕਿ ਤੋਂ ਪਰਤੀ ਗੀਤਾ ਦੀ ਜਾਗੀ ਕਿਸਮਤ, ਢਿੱਡ 'ਤੇ ਲੱਗੇ ਨਿਸ਼ਾਨ ਨੇ ਮਿਲਾਈਆਂ ਮਾਵਾਂ-ਧੀਆਂ
Friday, Mar 12, 2021 - 10:48 AM (IST)
ਇੰਦੌਰ (ਭਾਸ਼ਾ)- ਪਾਕਿਸਤਾਨ ਤੋਂ 2015 ਵਿਚ ਭਾਰਤ ਪਰਤੀ ਗੀਤਾ ਨੂੰ ਮਹਾਰਾਸ਼ਟਰ ਦੀ ਇਕ 70 ਸਾਲ ਦੀ ਔਰਤ ਨੇ ਆਪਣੀ ਬੇਟੀ ਦੱਸਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਗਿਆਨਕ ਪੱਖੋਂ ਇਹ ਗੱਲ ਡੀ. ਐੱਨ. ਏ. ਟੈਸਟ ਤੋਂ ਬਾਅਦ ਹੀ ਸਾਬਤ ਹੋ ਸਕੇਗੀ ਕਿ ਉਕਤ ਔਰਤ ਗੀਤਾ ਦੀ ਜੈਵਿਕ ਮਾਂ ਹੈ ਜਾਂ ਨਹੀਂ। ਔਰੰਗਾਬਾਦ ਦੀ ਰਹਿਣ ਵਾਲੀ ਉਕਤ ਔਰਤ ਮੀਨਾ ਨੇ ਦਾਅਵਾ ਕੀਤਾ ਹੈ ਕਿ ਗੀਤਾ ਉਸ ਦੀ ਗੁਆਚੀ ਧੀ ਹੈ। ਇਹ ਉਸ ਦੇ ਪਹਿਲੇ ਵਿਆਹ ਤੋਂ ਹੋਈ ਸੀ ਅਤੇ ਗੀਤਾ ਦੇ ਪੇਟ ’ਤੇ ਸੜੇ ਹੋਣ ਦਾ ਇਕ ਨਿਸ਼ਾਨ ਹੈ। ਇਹ ਗੱਲ ਸਹੀ ਪਾਈ ਗਈ ਹੈ।
ਇਹ ਵੀ ਪੜ੍ਹੋ : ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਸਦਮੇ 'ਚ 'ਹਿੰਦੁਸਤਾਨ ਦੀ ਬੇਟੀ ਗੀਤਾ'
ਗੀਤਾ ਨੇ ਬਚਪਨ ਦੀਆਂ ਧੁੰਦਲੀਆਂ ਯਾਦਾਂ ਇਸ਼ਾਰਿਆਂ ਵਿਚ ਦੱਸੀਆਂ
ਗੀਤਾ ਨੇ ਬਚਪਨ ਦੀਆਂ ਧੁੰਦਲੀਆਂ ਯਾਦਾਂ ਦੇ ਆਧਾਰ ’ਤੇ ਇਸ਼ਾਰਿਆਂ ਵਿਚ ਇਕ ਭਾਸ਼ਾ ਮਾਹਿਰ ਗਿਆਨੇਂਦਰ ਪੁਰੋਹਿਤ ਨੂੰ ਦੱਸਿਆ ਸੀ ਕਿ ਉਸ ਦੇ ਘਰ ਦੇ ਕੋਲ ਇਕ ਦਰਿਆ ਹੁੰਦਾ ਸੀ। ਉੱਥੇ ਗੰਨੇ ਅਤੇ ਮੂੰਗਫਲੀ ਦੀ ਖੇਤੀ ਹੁੰਦੀ ਸੀ। ਡੀਜ਼ਲ ਦੇ ਇੰਜਣ ਨਾਲ ਰੇਲਗੱਡੀ ਵੀ ਉਨ੍ਹਾਂ ਦੇ ਘਰ ਦੇ ਕੋਲੋਂ ਲੰਘਦੀ ਸੀ। ਉੱਧਰ ਮੱਧ ਪ੍ਰਦੇਸ਼ ਦੇ ਸਮਾਜਿਕ ਨਿਆਂ ਵਿਭਾਗ ਦੀ ਜੁਆਇੰਟ ਸੰਚਾਲਕ ਸੁਚਿਤਾ ਨੇ ਕਿਹਾ ਕਿ ਪਿਛਲੇ ਸਾਢੇ 5 ਸਾਲਾਂ ਦੌਰਾਨ 20 ਤੋਂ ਵੱਧ ਪਰਿਵਾਰ ਗੀਤਾ ਨੂੰ ਆਪਣੀ ਬੇਟੀ ਦੱਸ ਚੁੱਕੇ ਹਨ ਪਰ ਕਿਸੇ ਵੀ ਪਰਿਵਾਰ ਦਾ ਦਾਅਵਾ ਵਿਗਿਆਨਕ ਪੱਖੋਂ ਸਹੀ ਸਾਬਤ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਪਰਤੀ ਗੀਤਾ ਨੂੰ ਮਿਲਿਆ ਨਵਾਂ ਟਿਕਾਣਾ, ਪਰ ਨਹੀਂ ਲੱਭੇ ਮਾਪੇ
ਸੁਸ਼ਮਾ ਸਵਰਾਜ ਦੇ ਯਤਨਾਂ ਸਦਕਾ ਵਤਨ ਪਰਤੀ ਸੀ ਗੀਤਾ
ਗੀਤਾ ਜੋ ਨਾ ਤਾਂ ਬੋਲ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ, ਦੀ ਉਮਰ 30 ਸਾਲ ਦੇ ਆਸ-ਪਾਸ ਹੈ। ਸਾਬਕਾ ਵਿਦੇਸ਼ ਮੰਤਰੀ ਸਵ. ਸੁਸ਼ਮਾ ਸਵਰਾਜ ਦੇ ਯਤਨਾਂ ਸਦਕਾ ਉਹ 26 ਅਕਤੂਬਰ 2015 ਨੂੰ ਵਤਨ ਪਰਤੀ ਸੀ। ਔਰੰਗਾਬਾਦ ਦੀ ਮੀਨਾ ਪਾਂਦਰੇ ਜਿਸ ਦੇ ਪਹਿਲੇ ਪਤੀ ਸੁਧਾਕਰ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ, ਅੱਜਕੱਲ ਆਪਣੇ ਦੂਜੇ ਪਤੀ ਨਾਲ ਰਹਿੰਦੀ ਹੈ। ਉਹ ਜਦੋਂ ਗੀਤਾ ਨੂੰ ਪਹਿਲੀ ਵਾਰ ਮਿਲੀ ਸੀ ਤਾਂ ਆਪਣੇ ਅੱਥਰੂ ਨਹੀਂ ਰੋਕ ਸਕੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਦੇ ਮਾਤਾ-ਪਿਤਾ ਦੀ ਭਾਲ ਜਾਰੀ
ਪਾਕਿ ਦੀ ਬਿਲਕੀਸ ਈਧੀ ਨੇ ਕਿਹਾ–ਅਖੀਰ ਗੀਤਾ ਨੂੰ ਮਿਲ ਗਈ ਮਾਂ
ਲਗਭਗ 20 ਸਾਲ ਪਹਿਲਾਂ ਗੀਤਾ ਗਲਤੀ ਨਾਲ ਸਰਹੱਦ ਪਾਰ ਕਰ ਕੇ ਸਮਝੌਤਾ ਐਕਸਪ੍ਰੈੱਸ ’ਚ ਸਵਾਰ ਹੋ ਕੇ ਪਾਕਿਸਤਾਨ ਪਹੁੰਚ ਗਈ ਸੀ। ਉਸ ਸਮੇਂ ਉਹ 8-9 ਸਾਲ ਦੀ ਸੀ। ਗੂੰਗੀ ਤੇ ਬੋਲ਼ੀ ਗੀਤਾ ਨੂੰ ਪਾਕਿਸਤਾਨ ਦੀ ਇਕ ਸਮਾਜਿਕ ਸੰਸਥਾ ਈਧੀ ਫਾਊਂਡੇਸ਼ਨ ਦੀ ਬਿਲਕੀਸ ਈਧੀ ਜਿਨ੍ਹਾਂ ਨੂੰ ਦੀਨ-ਦੁਖੀਆਂ ਦੀ ਸੇਵਾ ਕਰਨ ਲਈ ‘ਪਾਕਿਸਤਾਨ ਦੀ ਮਾਂ’ ਕਿਹਾ ਜਾਂਦਾ ਹੈ, ਨੇ ਗੋਦ ਲਿਆ ਸੀ। ਹੁਣ ਗੀਤਾ ਨੂੰ ਲੈ ਕੇ ਪਾਕਿਸਤਾਨ ਦੇ ਮੀਡੀਆ ’ਚ ਵੀ ਉਮੀਦ ਭਰੀਆਂ ਖ਼ਬਰਾਂ ਆ ਰਹੀਆਂ ਹਨ। ‘ਡਾਨ’ ਦੀ ਇਕ ਰਿਪੋਰਟ ਮੁਤਾਬਕ ਕਈ ਸਾਲਾਂ ਤਕ ਗੀਤਾ ਨੂੰ ਸੰਭਾਲਣ ਵਾਲੀ ਬਿਲਕੀਸ ਨੇ ਕਿਹਾ ਹੈ ਕਿ ਗੀਤਾ ਨੂੰ ਹੁਣ ਮਹਾਰਾਸ਼ਟਰ ਦੇ ਔਰੰਗਾਬਾਦ ’ਚ ਆਪਣੀ ਮਾਂ ਮਿਲ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ