ਪੁੱਤ ਦੇ ਸਾਹਮਣੇ ਪਿਓ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, ਕਿਹਾ- ਕਲਮਾ ਪੜ੍ਹੋ ਤੇ ਫਿਰ...
Thursday, Apr 24, 2025 - 03:11 PM (IST)

ਇੰਦੌਰ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀ ਹਮਲੇ ਦੌਰਾਨ ਆਪਣੀਆਂ ਅੱਖਾਂ ਦੇ ਸਾਹਮਣੇ ਪਿਤਾ ਨੂੰ ਗੁਆ ਦੇਣ ਵਾਲੇ ਇਕ ਵਿਅਕਤੀ ਨੇ ਵੀਰਵਾਰ ਨੂੰ ਕਿਹਾ ਕਿ ਹਮਲਾਵਰਾਂ 'ਚ ਨਾਬਾਲਗ ਮੁੰਡੇ ਵੀ ਸ਼ਾਮਲ ਸਨ ਅਤੇ ਉਹ ਆਪਣੇ ਸਿਰ 'ਤੇ ਕੈਮਰਾ ਲਾ ਕੇ ਆਏ ਸਨ। ਦੱਸ ਦੇਈਏ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ 'ਮਿੰਨੀ ਸਵਿਟਜ਼ਰਲੈਂਡ' ਦੇ ਨਾਂ ਤੋਂ ਮਸ਼ਹੂਰ ਪ੍ਰਮੁੱਖ ਸਥਲ ਬੈਸਰਨ 'ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਵਿਚ ਘੱਟ ਤੋਂ ਘੱਟ 28 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਸਨ।
ਮ੍ਰਿਤਕਾਂ 'ਚ ਜ਼ਿਆਦਾਤਰ ਸੈਲਾਨੀ ਸਨ, ਜਿਨ੍ਹਾਂ ਵਿਚ ਇੰਦੌਰ ਦੇ ਸੁਸ਼ੀਲ ਨਥਾਨੀਅਲ (58) ਸ਼ਾਮਲ ਸਨ। ਨਥਾਨੀਅਲ ਇੰਦੌਰ ਤੋਂ ਕਰੀਬ 200 ਕਿਲੋਮੀਟਰ ਦੂਰ ਅਲੀਰਾਜਪੁਰ ਵਿਚ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਮੈਨੇਜਰ ਦੇ ਰੂਪ ਵਿਚ ਅਹੁਦੇ 'ਤੇ ਸਨ। ਉਹ ਆਪਣੇ ਪੂਰੇ ਪਰਿਵਾਰ ਨਾਲ ਕਸ਼ਮੀਰ ਘੁੰਮਣ ਆਏ ਸਨ। ਅੱਤਵਾਦੀਆਂ ਨੇ ਨਥਾਨੀਅਲ ਦੀ ਧੀ ਅਕਾਂਕਸ਼ਾ (35) ਦੇ ਪੈਰ ਵਿਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਅੱਤਵਾਦੀ ਹਮਲੇ ਦੌਰਾਨ ਨਰਾਥੀਅਲ ਨਾਲ ਉਨ੍ਹਾਂ ਦੀ ਪਤਨੀ ਜੇਨੀਫਰ (54) ਅਤੇ ਉਨ੍ਹਾਂ ਦਾ ਪੁੱਤਰ ਆਸਟਿਨ ਉਰਫ ਗੋਲਡੀ (25) ਵੀ ਸੀ। ਹਮਲੇ ਦੌਰਾਨ ਮਾਂ-ਪੁੱਤਰ ਸੁਰੱਖਿਅਤ ਬਚ ਗਏ ਸਨ।
ਆਪਣੇ ਪਿਤਾ ਦੀ ਮੌਤ ਦੇ ਸੋਗ ਵਿਚ ਡੁੱਬੇ ਆਸਟਿਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਤਵਾਦੀਆਂ ਵਿਚ 15-15 ਸਾਲ ਦੇ ਨਾਬਾਲਗ ਮੁੰਡੇ ਸ਼ਾਮਲ ਸਨ। ਉਹ ਘੱਟ ਤੋਂ ਘੱਟ 4 ਲੋਕ ਸਨ। ਉਹ ਅੱਤਵਾਦੀ ਵਾਰਦਾਤ ਦੌਰਾਨ ਸੈਲਫੀ ਲੈ ਰਹੇ ਸਨ ਅਤੇ ਆਪਣੇ ਸਿਰ 'ਤੇ ਕੈਮਰਾ ਲਾ ਕੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਨ੍ਹਾਂ ਦੇ ਪਿਤਾ ਅਤੇ ਮੌਕੇ 'ਤੇ ਮੌਜੂਦ ਹੋਰ ਸਾਰੇ ਲੋਕਾਂ ਨੂੰ ਉਨ੍ਹਾਂ ਦਾ ਧਾਰਮਿਕ ਪਛਾਣ ਪੁੱਛ ਕੇ ਉਨ੍ਹਾਂ ਨੂੰ ਗੋਲੀ ਮਾਰੀ ਅਤੇ ਇਹ ਤਸੱਲੀ ਕਰਨ ਲਈ ਉਨ੍ਹਾਂ ਨੂੰ ਕਲਮਾ ਪੜ੍ਹਨ ਲਈ ਕਿਹਾ ਕਿ ਉਹ ਮੁਸਲਿਮ ਹਨ ਜਾਂ ਗੈਰ-ਮੁਸਲਿਮ? ਆਸਟਿਨ ਨੇ ਦੱਸਿਆ ਕਿ ਇਸ ਤਰੀਕੇ ਨਾਲ ਅੱਤਵਾਦੀਆਂ ਨੇ ਮੇਰੇ ਸਾਹਮਣੇ 6 ਲੋਕਾਂ ਨੂੰ ਗੋਲੀ ਮਾਰੀ।
ਆਸਟਿਨ ਨੇ ਅੱਗੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਅੱਤਵਾਦੀਆਂ ਦੇ ਕਹਿਣ 'ਤੇ ਉਨ੍ਹਾਂ ਨੂੰ ਕਲਮਾ ਪੜ੍ਹ ਕੇ ਸੁਣਾ ਰਿਹਾ ਸੀ ਤਾਂ ਉਨ੍ਹਾਂ ਨੇ ਬਾਅਦ ਵਿਚ ਉਸ ਦੇ ਕੱਪੜੇ ਵੀ ਉਤਰਵਾਏ ਸਨ। ਇਹ ਪੁੱਛੇ ਜਾਣ 'ਤੇ ਕਿ ਉਹ ਹੁਣ ਸਰਕਾਰ ਤੋਂ ਕੀ ਚਾਹੁੰਦੇ ਹਨ? ਅੱਤਵਾਦੀ ਹਮਲੇ ਵਿਚ ਆਪਣੇ ਪਿਤਾ ਨੂੰ ਗੁਆਉਣ ਵਾਲੇ ਆਸਟਿਨ ਨੇ ਜਵਾਬ ਦਿੱਤਾ ਕਿ ਮੈਂ ਬੱਸ ਇੰਨਾ ਚਾਹੁੰਦਾ ਹਾਂ ਕਿ ਉਸ ਥਾਂ (ਬੈਸਰਨ) ਵਿਚ ਪੁਲਸ ਅਤੇ ਫ਼ੌਜੀ ਕਰਮੀਆਂ ਦੀ ਵੱਡੀ ਤਾਦਾਦ ਵਿਚ ਤਾਇਨਾਤੀ ਕੀਤੀ ਜਾਵੇ ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ।