ਸਥਾਪਨਾ ਦਿਵਸ ''ਤੇ ਪੀ. ਡੀ. ਪੀ. ''ਚ ਬਗਾਵਤ
Sunday, Jul 29, 2018 - 11:00 AM (IST)
ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪੀ. ਡੀ. ਪੀ. ਦੇ ਸਥਾਪਨਾ ਦਿਵਸ 'ਤੇ ਇਕ ਰੈਲੀ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਪਾਰਟੀ ਦੇ 7 ਵਿਧਾਇਕਾਂ ਅਤੇ 3 ਐੱਮ. ਐੱਲ. ਸੀ. ਨੇ ਇਸ ਰੈਲੀ ਦਾ ਬਾਈਕਾਟ ਕਰ ਦਿੱਤਾ। ਅਜਿਹੇ ਵਿਚ ਮਹਿਬੂਬਾ ਦੀਆਂ ਮੁਸ਼ਕਲਾਂ ਵਧ ਗਈਆਂ। ਉਥੇ ਹੀ ਪਾਰਟੀ ਦੇ ਵਿਧਾਇਕ ਅਬਦੁਲ ਮਜੀਦ ਵਲੋਂ ਕੁਲਗਾਮ ਵਿਚ ਵੱਖ ਤੋਂ ਸਥਾਪਨਾ ਦਿਵਸ ਮਨਾਉਣ ਕਾਰਨ ਪਾਰਟੀ ਦੀ ਬਗਾਵਤ ਖੁੱਲ੍ਹ ਕੇ ਸਾਹਮਣੇ ਆ ਗਈ। ਅਬਦੁਲ ਮਜੀਦ ਨੇ ਕੁਲਗਾਮ ਵਿਚ ਪਾਰਟੀ ਦਾ ਸਥਾਪਨਾ ਦਿਵਸ ਮਨਾਉਂਦੇ ਹੋਏ ਇਹ ਐਲਾਨ ਵੀ ਕੀਤਾ ਕਿ 'ਅਸੀਂ ਹੀ ਅਸਲੀ ਪੀ. ਡੀ. ਪੀ.' ਹਾਂ। ਖਬਰ ਮੁਤਾਬਕ ਸਥਾਪਨਾ ਦਿਵਸ ਦੌਰਾਨ ਪੀ. ਡੀ. ਪੀ. ਦੇ ਬਾਗੀ ਵਿਧਾਇਕਾਂ ਨੇ ਵੱਖ-ਵੱਖ ਪ੍ਰੋਗਰਾਮ ਆਪਣੇ ਖੇਤਰਾਂ ਵਿਚ ਆਯੋਜਿਤ ਕੀਤੇ ਸਨ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਪੀ. ਡੀ. ਪੀ. ਦੀ ਅਗਵਾਈ ਵਾਲੀ ਸਰਕਾਰ ਤੋਂ ਭਾਜਪਾ ਦੇ ਸਮਰਥਨ ਵਾਪਸ ਲੈਂਦੇ ਹੀ ਮਹਿਬੂਬਾ ਦੀ ਪਾਰਟੀ ਵਿਚ ਹਾਹਾਕਾਰ ਮਚ ਗਈ। ਪਾਰਟੀ ਦੇ ਕਈ ਨੇਤਾਵਾਂ ਨੇ ਮਹਿਬੂਬਾ ਨਾਲ ਖੁੱਲ੍ਹ ਕੇ ਬਗਾਵਤ ਦਾ ਵਿਗੁਲ ਵਜਾ ਦਿੱਤਾ। ਇਥੋਂ ਤੱਕ ਕਿ ਪੀ. ਡੀ. ਪੀ. ਦੇ ਬਾਗੀ ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਉਣ ਦੀਆਂ ਗੱਲਾਂ ਵੀ ਸਿਆਸੀ ਗਲਿਆਰਿਆਂ ਵਿਚ ਹੋਣ ਲੱਗੀਆਂ। ਹਾਲਾਂਕਿ ਭਾਜਪਾ ਨੇ ਇਹ ਕਹਿ ਕੇ ਇਨ੍ਹਾਂ ਗੱਲਾਂ 'ਤੇ ਰੋਕ ਲਗਾ ਦਿੱਤੀ ਕਿ ਉਹ ਫਿਲਹਾਲ ਸੂਬੇ ਵਿਚ ਰਾਸ਼ਟਰਪਤੀ ਰਾਜ ਚਾਹੁੰਦੀ ਹੈ।
ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਭਾਜਪਾ ਅਤੇ ਪੀ. ਡੀ. ਪੀ. ਦੇ ਬਾਗੀ ਵਿਧਾਇਕਾਂ ਦੇ ਸਰਕਾਰ ਬਣਾਉਣ ਦੀ ਕੋਸ਼ਿਸ਼ ਦੀਆਂ ਖਬਰਾਂ ਦਰਮਿਆਨ ਧਮਕਾਉਂਦੇ ਹੋਏ ਕਿਹਾ ਸੀ ਕਿ ਜੇ ਕਿਸੇ ਕਿਸਮ ਦੀ ਤੋੜ-ਭੰਨ ਦੀ ਕੋਸ਼ਿਸ਼ ਹੋਈ ਤਾਂ ਨਤੀਜੇ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਅਤੇ ਸਲਾਹੁਦੀਨ ਅਤੇ ਯਾਸੀਨ ਮਲਿਕ ਵਰਗੇ ਅੱਤਵਾਦੀ ਪੈਦਾ ਹੋਣਗੇ।
