ਨੂਹ ਹਿੰਸਾ ਦੇ ਸੰਬੰਧ ''ਚ 200 ਤੋਂ ਵੱਧ ਗ੍ਰਿਫ਼ਤਾਰ, 102 FIR ਦਰਜ : ਅਨਿਲ ਵਿਜ

08/04/2023 6:22:57 PM

ਹਰਿਆਣਾ (ਭਾਸ਼ਾ)-  ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ 'ਚ ਹਾਲ 'ਚ ਹੋਈਆਂ ਫਿਰਕੂ ਝੜਪਾਂ ਦੇ ਸਿਲਸਿਲੇ 'ਚ ਹੁਣ ਤੱਕ ਕੁੱਲ 202 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 80 ਨੂੰ ਹਿਰਾਸਤ 'ਚ ਲਿਆ ਗਿਆ ਹੈ। ਵਿਜ ਨੇ ਇਹ ਵੀ ਕਿਹਾ ਕਿ ਝੜਪਾਂ ਦੇ ਸੰਬੰਧ 'ਚ ਹੁਣ ਤੱਕ 102 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਅੱਧੀਆਂ ਇਕੱਲੇ ਨੂਹ 'ਚ ਅਤੇ ਬਾਕੀ ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਸਮੇਤ ਹੋਰ ਜ਼ਿਲ੍ਹਿਆਂ 'ਚ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅੰਬਾਲਾ 'ਚ ਕਿਹਾ,''ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਨ੍ਹਾਂ ਘਟਨਾਵਾਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।'' ਵਿਜੇ ਨੇ ਇਹ ਵੀ ਕਿਹਾ ਕਿ ਜਾਂਚ ਜਾਰੀ ਹੈ। ਮੰਤਰੀ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਸ ਤੋਂ ਕਾਨੂੰਨ ਅਨੁਸਾਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਨਮਾਜ਼ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨੂਹ, ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਕਮਿਸ਼ਨਰਾਂ ਨਾਲ ਗੱਲ ਕੀਤੀ ਹੈ ਅਤੇ ਪੂਰੀ ਸੁਰੱਖਿਆ ਵਿਵਸਥਾ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ : ਨੂਹ ਹਿੰਸਾ: ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 3 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬਹਾਲ

ਮੰਤਰੀ ਨੇ ਕਿਹਾ ਕਿ ਸਾਰੇ ਇੰਤਜ਼ਾਮ ਕੀਤੇ ਗਏ ਹਨ ਪਰ ਕੁਝ ਮੌਲਵੀਆਂ ਨੇ ਘਰ 'ਤੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ। ਨੂਹ 'ਚ ਸਾਈਬਰ ਅਪਰਾਧ ਥਾਣੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਸਵਾਲ 'ਤੇ ਵਿਜ ਨੇ ਕਿਹਾ,''ਅਸੀਂ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਥਾਣੇ 'ਤੇ ਹਮਲਾ ਕਿਸ ਨੇ ਕੀਤਾ ਅਤੇ ਉਹ ਕਿਹੜੇ ਰਿਕਾਰਡ ਨਸ਼ਟ ਕਰਨਾ ਚਾਹੁੰਦ ਸਨ।'' ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੀ ਸ਼ੋਭਾ ਯਾਤਰਾ 'ਤੇ ਸੋਮਵਾਰ ਨੂੰ ਭੀੜ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਮੁਸਲਿਮ ਬਹੁਲ ਨੂਹ ਸਮੇਤ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਹੋਈਆਂ ਝੜਪਾਂ 'ਚ ਹੋਮ ਗਾਰਡ ਦੇ 2 ਜਵਾਨ ਅਤੇ ਇਕ ਇਮਾਮ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਕ ਸਵਾਲ ਦੇ ਜਵਾਬ 'ਚ ਵਿਜ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਅਤੇ ਨਿਗਰਾਨੀ ਲਈ ਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ ਸਾਂਝੀ ਨਹੀਂ ਕਰਨ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News