ਸਾਡੀ ਸਰਕਾਰ ਨੇ 8 ਸਾਲਾਂ ’ਚ ਸਿਹਤ ਖੇਤਰ ਦਾ ਸਮੁੱਚਾ ਵਿਕਾਸ ਕੀਤਾ : ਮੋਦੀ
Saturday, Jun 11, 2022 - 10:47 AM (IST)
ਨਵਸਾਰੀ (ਗੁਜਰਾਤ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਤੇ 8 ਸਾਲਾਂ ਵਿਚ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਸਿਹਤ ਖੇਤਰ ਦਾ ਸਮੁੱਚਾ ਵਿਕਾਸ ਕਰਨ ਦਾ ਯਤਨ ਕੀਤਾ ਹੈ। ਉਹ ਏ. ਐੱਮ. ਨਾਈਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਹਸਪਤਾਲ ਦਾ ਨਿਰਮਾਣ ਲਾਰਸਨ ਟਰਬੋ ਦੇ ਚੇਅਰਮੈਨ ਏ. ਐੱਮ. ਨਾਈਕ ਦੀ ਪ੍ਰਧਾਨਗੀ ਵਾਲੇ ਟਰੱਸਟ ਨੇ ਕਰਵਾਇਆ ਹੈ।
ਮੋਦੀ ਨੇ ਕਿਹਾ ਕਿ ਮੁੱਖ ਮੰਤਰੀ (ਗੁਜਰਾਤ) ਦੇ ਤੌਰ ’ਤੇ ਮੇਰੇ ਤਜ਼ਰਬੇ ਨੇ ਮੈਨੂੰ ਦੇਸ਼ ਲਈ ਸਿਹਤ ਸੇਵਾ ਨੀਤੀ ਬਣਾਉਣ ਵਿਚ ਮਦਦ ਕੀਤੀ। ਮੈਂ ਮੁੱਖ ਮੰਤਰੀ ਅਮ੍ਰਿਤਮ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਤਹਿਤ ਸੂਬੇ ਦੇ ਗਰੀਬ ਲੋਕਾਂ ਨੂੰ ਮੈਡੀਕਲ ’ਤੇ ਹੋਣ ਵਾਲੇ ਖਰਚ ਲਈ 2 ਲੱਖ ਰੁਪਏ ਤੱਕ ਦੀ ਮਦਦ ਮਿਲਦੀ ਸੀ। ਇਸ ਤੋਂ ਬਾਅਦ ਕੇਂਦਰ ਦੇ ਪੱਧਰ ’ਤੇ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਦੇਸ਼ ਦੇ ਗਰੀਬ ਲੋਕਾਂ ਨੂੰ ਇਲਾਜ ਲਈ 5 ਲੱਖ ਰੁਪਏ ਤੱਕ ਦੀ ਮਦਦ ਮਿਲਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਗਭਗ 40 ਲੱਖ ਲੋਕਾਂ ਨੇ ਇਸ ਕੇਂਦਰੀ ਯੋਜਨਾ ਦਾ ਲਾਭ ਗੁਜਰਾਤ ਵਿਚ ਪ੍ਰਾਪਤ ਕੀਤਾ ਹੈ, ਜਿਨ੍ਹਾਂ ਵਿਚ ਵਧੇਰੇ ਅੌਰਤਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਬੀਤੇ 20 ਸਾਲਾਂ ਵਿਚ ਸਿਹਤ ਸੇਵਾ ਦੇ ਖੇਤਰ ਵਿਚ ਨਵੀਂ ਉਚਾਈ ਪ੍ਰਾਪਤ ਕੀਤੀ ਹੈ।
ਮੋਦੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸੰਚਾਲਿਤ ਗੁਜਰਾਤ ਕੈਂਸਰ ਅਤੇ ਖੋਜ ਸੰਸਥਾ ਦੀ ਬਿਸਤਰ ਸਮਰੱਥਾ 450 ਤੋਂ ਵਧ ਕੇ 1000 ਹੋ ਗਈ ਹੈ ਜਦਕਿ ਗੁਰਦਾ ਸੰਸਥਾ ਵਿਚ ਬਿਸਤਰਿਅਾਂ ਦੀ ਸਮਰੱਥਾ ਨੇੜ ਭਵਿੱਖ ਵਿਚ ਦੁੱਗਣੀ ਹੋ ਜਾਵੇਗੀ।
ਗੁਜਰਾਤ ’ਚ ਆਪਣੇ ਟੀਚਰ ਨੂੰ ਮਿਲੇ ਮੋਦੀ, ਮਿਲਿਆ ਆਸ਼ੀਰਵਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਨਵਸਾਰੀ ਵਿਚ ਆਪਣੇ ਅਧਿਆਪਕ ਨੂੰ ਮਿਲੇ। ਮੋਦੀ ਨੇ ਆਪਣੇ ਅਧਿਆਪਕ ਨੂੰ ਪ੍ਰਣਾਮ ਕੀਤਾ ਤਾਂ ਉਨ੍ਹਾਂ ਸਿਰ ’ਤੇ ਹੱਥ ਫੇਰਿਆ ਅਤੇ ਉਸੇ ਅੰਦਾਜ਼ ਵਿਚ ਆਸ਼ੀਰਵਾਦ ਦਿੱਤਾ, ਜਿਸ ਤਰ੍ਹਾਂ ਉਹ ਵਡਨਗਰ ਦੇ ਉਸ ਸਕੂਲ ਵਿਚ ਕਦੇ ਬਾਲ ਨਰਿੰਦਰ ਨੂੰ ਦਿਆ ਕਰਦੇ ਹੋਣਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਨਵਸਾਰੀ ਵਿਚ ‘ਗੁਜਰਾਤ ਗੌਰਵ ਅਭਿਆਨ’ ਦੌਰਾਨ 3000 ਕਰੋੜ ਰੁਪਏ ਤੋਂ ਵਧ ਦੇ ਪ੍ਰਾਜੈਕਟਾਂ ਦੀ ਘੁੰਡ-ਚੁਕਾਈ, ਨੀਂਹ ਪੱਥਰ ਅਤੇ ਭੂਮੀ ਪੂਜਨ ਕੀਤਾ।