ਥਾਣਾ ਮੁਖੀ ਨੂੰ ਰਿਸ਼ਵਤ ਦੇਣ ਲਈ ਅਨਾਥ ਬੱਚੇ ਨੇ ਮੰਗੀ ਭੀਖ
Saturday, Apr 21, 2018 - 01:02 PM (IST)

ਬਿਹਾਰ— ਇੱਥੋਂ ਦੇ ਵੈਸ਼ਾਲੀ ਜ਼ਿਲੇ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਜ਼ਿਲਾ ਅਧਿਕਾਰੀ ਦਫ਼ਤਰ 'ਚ 10 ਸਾਲ ਦੇ ਬੱਚੇ ਨੂੰ ਭੀਖ ਮੰਗਦੇ ਦੇਖਿਆ ਗਿਆ। ਬੱਚੇ ਨੂੰ ਭੀਖ ਮੰਗਦੇ ਦੇਖ ਕੇ ਚਾਰੇ ਪਾਸੇ ਹੱਲਚੱਲ ਮਚ ਗਈ। ਭੀਖ ਮੰਗਣ ਵਾਲੇ ਬੱਚੇ ਨੇ ਆਪਣੇ ਗਲੇ 'ਚ ਤਖਤੀ ਟੰਗ ਰੱਖੀ ਸੀ ਕਿ ਉਹ ਅਨਾਥ ਹੈ ਅਤੇ ਉਸ ਨੂੰ ਇਕ ਪੁਲਸ ਅਧਿਕਾਰੀ ਨੂੰ ਰਿਸ਼ਵਤ ਦੇਣ ਲਈ 10 ਹਜ਼ਾਰ ਰੁਪਿਆਂ ਦੀ ਲੋੜ ਹੈ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪੂਰੇ ਪੁਲਸ ਮਹਿਕਮੇ 'ਚ ਸਨਸਨੀ ਮਚ ਗਈ। ਦਰਅਸਲ ਇਕ ਅਨਾਥ ਬੱਚਾ ਆਪਣੀ ਜ਼ਮੀਨ ਨੂੰ ਬਚਾਉਣਾ ਚਾਹੁੰਦਾ ਹੈ, ਜੋ ਦਬੰਗਾਂ ਦੇ ਚੰਗੁਲ 'ਚ ਫਸਿਆ ਹੋਇਆ ਹੈ। ਉਸ ਨੇ ਆਪਣੀ ਜ਼ਮੀਨ ਨੂੰ ਵਾਪਸ ਲੈਣ ਲਈ ਪੁਲਸ ਤੋਂ ਮਦਦ ਮੰਗੀ ਪਰ ਪੁਲਸ ਨੇ ਬੱਚੇ ਤੋਂ ਰਿਸ਼ਵਤ ਦੀ ਮੰਗ ਕੀਤੀ।
ਇਹ ਮਾਮਲਾ ਵੈਸ਼ਾਲੀ ਜ਼ਿਲੇ ਦੇ ਕਟਹਰਾ ਓ.ਪੀ. ਖੇਤਰ ਦੇ ਚੇਹਰਾਕਲਾਂ ਪਿੰਡ ਦਾ ਹੈ। ਜਿੱਥੇ ਵਿਵੇਕ ਕੁਮਾਰ ਜੋ ਅਨਾਥ ਦੱਸਿਆ ਜਾਂਦਾ ਹੈ, ਉਸ ਨੇ ਸ਼ੁੱਕਰਵਾਰ (20 ਅਪ੍ਰੈਲ) ਨੂੰ ਜ਼ਿਲਾ ਅਧਿਕਾਰੀ ਦਫ਼ਤਰ ਕੈਂਪਸ 'ਚ ਓ.ਪੀ. ਥਾਣਾ ਮੁਖੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਦੇਣ ਲਈ ਭੀਖ ਮੰਗੀ। ਵਿਵੇਕ ਦਾ ਦੋਸ਼ ਹੈ ਕਿ ਉਸ ਦੀ ਜ਼ਮੀਨ 'ਤੇ ਕੁਝ ਲੋਕ ਜ਼ਬਰਨ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਦੀ ਸ਼ਿਕਾਇਤ ਕਰਨ 'ਤੇ ਕਟਹਰਾ ਓ.ਪੀ. ਮੁਖੀ ਰਾਕੇਸ਼ ਰੰਜਨ ਨੇ ਉਸ ਤੋਂ 10 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਦੀ ਜਾਣਕਾਰੀ ਹੁੰਦੇ ਹੀ ਪ੍ਰਸ਼ਾਸਨਿਕ ਮਹਿਕਮੇ 'ਚ ਖਲਬਲੀ ਮਚ ਗਈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲੇ ਦੇ ਪੁਲਸ ਪ੍ਰਸ਼ਾਸਨ 'ਚ ਖਲਬਲੀ ਮਚ ਗਈ। ਮਾਮਲੇ ਨੂੰ ਤੁਰੰਤ ਨੋਟਿਸ 'ਚ ਲੈਂਦੇ ਹੋਏ ਜ਼ਿਲਾ ਅਧਿਕਾਰੀ ਵੱਲੋਂ ਐੱਸ.ਡੀ.ਪੀ.ਓ. ਨੂੰ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਹਟਵਾਉਣ ਦਾ ਆਦੇਸ਼ ਦਿੱਤਾ ਹੈ।