ਮਿਆਂਮਾਰ ਭੂਚਾਲ ਪੀੜਤਾਂ ਲਈ ਭਾਰਤ ਨੇ ਵਧਾਏ ਮਦਦ ਲਈ ਹੱਥ, ਭੇਜੀ ਰਾਹਤ ਸਮੱਗਰੀ
Sunday, Apr 06, 2025 - 12:06 PM (IST)

ਨਵੀਂ ਦਿੱਲੀ- ਭਾਰਤ ਨੇ ਮਿਆਂਮਾਰ 'ਚ ਆਏ ਭੂਚਾਲ ਤੋਂ ਪ੍ਰਭਾਵਿਤ ਪੀੜਤ ਲੋਕਾਂ ਦੀ ਮਦਦ ਲਈ 31 ਹੋਰ ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਵਿਚ ਭਾਰਤੀ ਫੌਜ ਦੇ ‘ਫੀਲਡ ਹਸਪਤਾਲ’ ਲਈ ਜ਼ਰੂਰੀ ਸਾਮਾਨ ਵੀ ਸ਼ਾਮਲ ਹਨ। ਇਹ ਸਹਾਇਤਾ 'ਸੀ-17 ਗਲੋਬਮਾਸਟਰ' ਤੋਂ ਭੇਜੀ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਐਤਵਾਰ ਸਵੇਰੇ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ ਤੋਂ ਉਡਾਣ ਭਰੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਅਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਨੇ ਪੋਸਟ 'ਚ ਲਿਖਿਆ, "'ਆਪ੍ਰੇਸ਼ਨ ਬ੍ਰਹਮਾ' ਤਹਿਤ ਸੀ-17 ਜਹਾਜ਼ 31 ਟਨ ਮਨੁੱਖੀ ਸਹਾਇਤਾ ਨਾਲ ਮਾਂਡਲੇ ਲਈ ਰਵਾਨਾ ਹੋਇਆ, ਜਿਸ 'ਚ ਭਾਰਤੀ ਫੌਜ ਦੀ ਫੀਲਡ ਹਸਪਤਾਲ ਯੂਨਿਟ ਲਈ ਜ਼ਰੂਰੀ ਸਾਮਾਨ ਵੀ ਸ਼ਾਮਲ ਹੈ।
ਦੱਸ ਦੇਈਏ ਕਿ ਮਿਆਂਮਾਰ 'ਚ ਪਿਛਲੇ ਹਫ਼ਤੇ 7.7 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 3,000 ਤੋਂ ਵੱਧ ਹੋ ਗਈ। ਭਾਰਤ ਨੇ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਰਾਹਤ ਮੁਹਿੰਮ 'ਆਪ੍ਰੇਸ਼ਨ ਬ੍ਰਹਮਾ' ਸ਼ੁਰੂ ਕੀਤੀ ਸੀ।