ਹਿਮਾਚਲ ’ਚ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਨਾਲ ਓਮੀਕਰੋਨ ਫੈਲਣ ਦਾ ਖਦਸ਼ਾ

Friday, Dec 24, 2021 - 05:38 PM (IST)

ਸ਼ਿਮਲਾ– ਹਿਮਾਚਲ ਪ੍ਰਦੇਸ਼ ’ਚ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਦਿੱਲੀ ’ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ’ਤੇ ਲੱਗੀ ਪਾਬੰਦੀ ਤੋਂ ਬਾਅਦ ਸੈਲਾਨੀ ਹਿਮਾਚਲ ਪਹੁੰਚਣੇ ਸ਼ੁਰੂ ਹੋ ਗਏ ਹਨ। ਸੂਬੇ ਦੀਆਂ ਪ੍ਰਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਜ਼ਿਆਦਾਤਰ ਹੋਟਲ ਐਡਵਾਂਸ ਬੁੱਕ ਹੋ ਚੁੱਕੇ ਹਨ। ਸੈਲਾਨੀਆਂ ਦੀ ਐਂਟਰੀ ’ਤੇ ਕਿਸੇ ਤਰ੍ਹਾਂ ਦੀ ਚੈਕਿੰਗ ਨਹੀਂ ਹੋ ਰਹੀ। ਸੈਲਾਨੀਆਂ ਸਮੇਤ ਸਥਾਨਕ ਲੋਕ ਕਈ ਖੇਤਰਾਂ ’ਚ ਬਿਨਾਂ ਮਾਸਕ, ਬੇਖੌਫ ਘੁੰਮ ਰਹੇ ਹਨ। ਇਸ ਤੋਂ ਇਲਾਵਾ 27 ਦਸੰਬਰ ਨੂੰ ਸਰਕਾਰ ਦੇ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ’ਤੇ ਮੰਡੀ ’ਚ ਹੋਣ ਜਾ ਰਹੀ ਪ੍ਰਧਾਨ ਮੰਤਰੀ ਦੀ ਰੈਲੀ ’ਚ ਇਕ ਲੱਖ ਲੋਕਾਂ ਦੀ ਭੀੜ ਜੁਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 

ਹਿਮਾਚਲ ਪ੍ਰਦੇਸ਼ ’ਚ ਅਜੇ ਤਕ ਓਮੀਕਰੋਨਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਮੌਜੂਦਾ ਹਾਲਾਤ ਵਿਚਕਾਰ ਜੇਕਰ ਕਿਤੇ ਓਮੀਕਰੋਨ ਨੇ ਸੂਬੇ ’ਚ ਦਸਤਕ ਦੇ ਦਿੱਤੀ ਤਾਂ ਹਾਲਾਤ ’ਤੇ ਕਾਬੂ ਪਾਉਣਾ ਮੁਸ਼ਕਿਲ ਹੋਵੇਗਾ। ਸ਼ਿਮਲਾ, ਮਨਾਲੀ, ਡਲਹੌਜ਼ੀ, ਕਸੌਲੀ, ਕੁੱਲੂ, ਧਰਮਸ਼ਾਲਾ ਸਮੇਤ ਕਈ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ਇਨ੍ਹੀਂ ਦਿਨੀਂ ਸੈਲਾਨੀਆਂ ਨਾਲ ਗੁਲਜ਼ਾਰ ਹਨ। ਸੂਬੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ ’ਚ ਹੋਟਲ 80 ਫੀਸਦੀ ਬੁੱਕ ਹੋ ਚੁੱਕੇ ਹਨ। ਨਾਲ ਹੀ ਆਉਣ ਵਾਲੇ ਦਿਨਾਂ ’ਚ 100 ਫੀਸਦੀ ਤਕ ਬੁੱਕ ਹੋਣ ਦੀ ਪੂਰੀ ਉਮੀਦ ਹੈ। 

ਓਮੀਕਰੋਨ ਦੇ ਖਤਰੇ ਵਿਚਕਾਰ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਨੂੰ ਮਨਾਉਣ ਲਈ ਹੋਟਲ ਐਡਵਾਂਸ ਬੁੱਕ ਹੋ ਚੁੱਕੇ ਹਨ। ਸ਼ਿਮਲਾ ਅੱਜ-ਕੱਲ੍ਹ ਵੀ ਸੈਲਾਨੀਆਂ ਨਾਲ ਗੁਲਜ਼ਾਰ ਹੈ। ਸ਼ਿਮਲਾ ’ਚ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਾਰੇ ਹੋਟਲ ਫੁਲ ਹੋ ਚੁੱਕੇ ਹਨ। ਜਸ਼ਨ ਤੋਂ ਪਹਿਲਾਂ ਹੀ ਸ਼ਿਮਲਾ ’ਚ ਸੈਲਾਨੀਆਂ ਦੀ ਭੀੜ ਇਕੱਠੀ ਹੋਣ ਲੱਗੀ ਹੈ। ਹਿਮਾਚਲ ਸੈਰ-ਸਪਾਟਾ ਵਿਕਾਸ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਅਮਿਤ ਨੇ ਵਧਦੀ ਭੀੜ ਨੂੰ ਵੇਖਦੇ ਹੋਏ ਸੈਲਾਨੀਆਂ ਨੂੰ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਮਾਸਕ ਪਾਉਣਾ ਅਤੇ ਨਿਯਮਾਂ ਦਾ ਪਾਲਣ ਕਰਨ ਦੇ ਵੀ ਹੋਟਲ ਸੰਚਾਲਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। 

ਉਥੇ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਹਿਮਾਚਲ ਦੀ ਜ਼ਿਆਦਾਤਰ ਜਨਤਾ ਨੂੰ ਕੋਰੋਨਾ ਦੀਆਂ ਦੋਵੇਂ ਵੈਕਸੀਨ ਲੱਗ ਚੁੱਕੀਆਂ ਹਨ। ਇਸ ਲਈ ਸੁਰੱਖਿਆ ਕਵਚ ਦੇ ਚਲਦੇ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਘੱਟ ਹੈ। ਹਿਮਾਚਲ ’ਚ ਸਰਗਰਮ ਮਾਮਲਿਆਂ ’ਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬਾਵਜੂਦ ਇਸਦੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨ ਲਈ ਸ਼ਿਮਲਾ ’ਚ ਸੈਲਾਨੀਆਂ ਦੀ ਭੀੜ ਜੁਟਨ ਲੱਗੀ ਹੈ। ਸੈਲਾਨੀਆਂ ਦਾ ਹਿਮਾਚਲ ’ਚ ਸਵਾਗਤ ਹੈ ਪਰ ਕੋਰੋਨਾ ਦੇ ਖਤਰੇ ਨੂੰ ਵੇਖਦੇ ਹੋਏ ਸਾਵਧਾਨੀ ਵਰਤਨੀ ਜ਼ਰੂਰੀ ਹੈ। 


Rakesh

Content Editor

Related News