OLA ਦੀ ਸਰਵਿਸ ਤੋਂ ਇੰਨਾ ਦੁਖ਼ੀ ਹੋਇਆ ਸ਼ਖ਼ਸ, ਸ਼ੋਅਰੂਮ ਦੇ ਸਾਹਮਣੇ ਹੀ ਫੂਕ ਦਿੱਤੀ ਸਕੂਟੀ
Friday, Oct 10, 2025 - 09:32 AM (IST)

ਨੈਸ਼ਨਲ ਡੈਸਕ- ਇਕ ਵਾਰ ਮੁੜ Ola ਦਾ ਵਿਵਾਦ ਸਾਹਮਣੇ ਆਇਆ ਹੈ। ਮਾਮਲਾ ਗੁਜਰਾਤ ਦੇ ਪਾਲਨਪੁਰ ਦਾ ਹੈ, ਜਿੱਥੇ ਸਾਹਿਲ ਕੁਮਾਰ ਨਾਮੀ ਵਿਅਕਤੀ ਆਪਣੇ ਪਰਿਵਾਰ ਨਾਲ ਸਕੂਟੀ ਚਲਾ ਰਹੇ ਸਨ ਕਿ ਅਚਾਨਕ ਸਟੀਅਰਿੰਗ ਅਤੇ ਟਾਇਰ ਦਾ ਕਨੈਕਸ਼ਨ ਟੁੱਟ ਗਿਆ। ਉਸ ਦੀ ਪਤਨੀ ਅਤੇ 5 ਸਾਲ ਦਾ ਬੇਟਾ ਵੀ ਸਕੂਟੀ 'ਤੇ ਸਵਾਰ ਸਨ। ਸ਼ੁਕਰ ਇਹ ਹੈ ਕਿ ਉਹ ਘੱਟ ਸਪੀਡ 'ਤੇ ਸਨ, ਇਸ ਲਈ ਵੱਡਾ ਹਾਦਸਾ ਟਲ ਗਿਆ।
ਇਸ ਤਕਨੀਕੀ ਖ਼ਰਾਬ ਤੋਂ ਬਾਅਦ ਸਾਹਿਲ ਨੇ ਕਈ ਵਾਰ OLA ਸਰਵਿਸ ਸੈਂਟਰ 'ਚ ਸ਼ਿਕਾਇਤ ਦਰਜ ਕਰਵਾਈ ਪਰ ਕੰਪਨੀ ਵਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਨਾਰਾਜ਼ ਹੋ ਕੇ ਸਾਹਿਲ ਨੇ ਸ਼ੋਅਰੂਮ ਦੇ ਸਾਹਮਣੇ ਪੈਟਰੋਲ ਸੁੱਟ ਕੇ ਸਕੂਟੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦੱਸਣਯੋਗ ਹੈ ਕਿ OLA ਦੀ ਸਰਵਿਸ ਨੂੰ ਲੈ ਕੇ ਇਹ ਪਹਿਲਾ ਵਿਵਾਦ ਨਹੀਂ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ,''ਸੂਰਤ ਦੇ ਉਧਨਾ 'ਚ ਓਲਾ ਦਾ ਕਬਰਸਤਾਨ ਹੈ। ਲਗਭਗ 1000 ਸਕੂਟੀਆਂ ਉੱਥੇ ਪਈਆਂ ਹਨ। ਮੇਰੀ ਸਕੂਟੀ 20 ਅਗਸਤ ਤੋਂ ਉੱਥੇ ਹੀ ਹੈ ਅਤੇ ਅਜੇ ਵੀ ਉਹ ਕਹਿ ਰਹੇ ਹਨ ਕਿ ਇਸ 'ਚ 20-30 ਦਿਨ ਲੱਗਣਗੇ।'' ਸੂਤਰਾਂ ਅਨੁਸਾਰ, ਇਕ ਮਹੀਨੇ ਦੇ ਅੰਦਰ ਓਲਾ ਸਕੂਟੀ ਦੀਆਂ ਸ਼ਿਕਾਇਤਾਂ ਦਾ ਅੰਕੜਾ 80 ਹਜ਼ਾਰ ਦੇ ਪਾਰ ਪਹੁੰਚ ਗਿਆ। ਹਰ ਦਿਨ ਵੱਖ-ਵੱਖ ਸਰਵਿਸ ਸੈਂਟਰ 'ਤੇ 6-7 ਹਜ਼ਾਰ ਸਕੂਟੀ ਰਿਪੇਅਰ ਲਈ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਕਈ ਗਾਹਕਾਂ 'ਚ ਡੂੰਘੀ ਨਾਰਾਜ਼ਗੀ ਅਤੇ ਭਰੋਸਾ ਟੁੱਟਣ ਦੀ ਸਥਿਤੀ ਬਣੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8