ਰੇਲਵੇ ਰੋਡ ਦੀਆਂ ਸਰਵਿਸ ਲਾਈਨਾਂ ’ਤੇ ਚੈਕਿੰਗ, ਗਲਤ ਪਾਰਕਿੰਗ ਵਾਲਿਆਂ ਨੂੰ ਪਈਆਂ ਭਾਜੜਾਂ
Friday, Feb 20, 2026 - 01:39 PM (IST)
ਅੰਮ੍ਰਿਤਸਰ (ਇੰਦਰਜੀਤ/ਜਸ਼ਨ)- ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਸ ਵੱਲੋਂ ਰੇਲਵੇ ਰੋਡ ਦੀਆਂ ਸਰਵਿਸ ਲਾਈਨਾਂ ’ਤੇ ਅਚਾਨਕ ਚੈਕਿੰਗ ਕੀਤੀ ਗਈ। ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ ਹੇਠ ਕਰੀਬ ਇਕ ਦਰਜਨ ਪੁਲਸ ਮੁਲਾਜ਼ਮਾਂ ਦੀ ਟੀਮ ਨੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ, ਜਿਸ ਕਾਰਨ ਕੁਝ ਸਮੇਂ ਲਈ ਇਲਾਕੇ ਵਿਚ ਭਗਦੜ ਜਿਹੀ ਸਥਿਤੀ ਬਣ ਗਈ। ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰ ਕਰੀਬ 4 ਵਜੇ ਟ੍ਰੈਫਿਕ ਪੁਲਸ ਦੀ ਟੀਮ ਨੇ ਭੰਡਾਰੀ ਪੁਲ ਦੀ ਉਤਰਾਈ ਕੋਲ, ਪੁਲ ਹੇਠਾਂ ਵੱਲ ਜਾਂਦੀ ਰੇਲਵੇ ਰੋਡ ਦੀਆਂ ਸਰਵਿਸ ਲਾਈਨਾਂ ’ਤੇ ਛਾਪਾ ਮਾਰਿਆ। ਇਸ ਦੌਰਾਨ ਸੜਕ ਕਿਨਾਰੇ ਆਵਾਜਾਈ ਵਿਚ ਰੁਕਾਵਟ ਬਣ ਰਹੀਆਂ ਬਾਈਕਾਂ ਹਟਵਾਈਆਂ ਗਈਆਂ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ।
ਇਹ ਵੀ ਪੜ੍ਹੋ- ਸਕੂਲਾਂ ਦੇ ਕੰਪਿਊਟਰ 'ਆਪ' ਸਰਕਾਰ ਦੀ 'ਜਾਅਲੀ ਸਿਹਤ ਬੀਮਾ ਯੋਜਨਾ" ਨੂੰ ਲਾਗੂ ਕਰਨ 'ਚ ਲੱਗੇ : ਮਜੀਠੀਆ
ਸਬ-ਇੰਸਪੈਕਟਰ ਦਿਲਬਾਗ ਸਿੰਘ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕ ਨੂੰ ਆਉਣ-ਜਾਣ ਲਈ ਪੂਰੀ ਤਰ੍ਹਾਂ ਖਾਲੀ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਦੁਕਾਨਦਾਰਾਂ ਨੇ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਰਸਤੇ ਨੂੰ ਸੁਚਾਰੂ ਬਣਾਉਣ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਇਸ ਰਸਤੇ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਸ ਅਨੁਸਾਰ ਇੱਥੇ ਸਮੱਸਿਆ ਕੇਵਲ ਇਕ-ਅੱਧੇ ਦੁਕਾਨਦਾਰ ਦੀ ਹੈ, ਜੋ ਅੜੀਅਲ ਰਵੱਈਆ ਅਪਣਾ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕੀ ਇਹ ਹੈ 'ਆਪ' ਸਰਕਾਰ ਦਾ ਵਿਕਾਸ? ਆਮ ਆਦਮੀ ਕਲੀਨਿਕ ਆਪ ਹੀ ਬੀਮਾਰ
ਇਸ ਤੋਂ ਇਲਾਵਾ ਕੁਝ ਸਾਈਕਲ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਪੁਲ ਹੇਠਾਂ ਖਾਲੀ ਜਗ੍ਹਾ ਨੂੰ ਨਿੱਜੀ ਤੌਰ ’ਤੇ ਵਰਤਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਲਈ ਪੁਲਸ ਨੇ ਸਥਾਈ ਹੱਲ ਕੱਢਣ ਦੀ ਗੱਲ ਕਹੀ ਹੈ। ਉੱਥੇ ਹੀ ਦੁਕਾਨਦਾਰਾਂ ਵੱਲੋਂ ਮੰਗ ਰੱਖੀ ਗਈ ਕਿ ਸੜਕ ਕਿਨਾਰੇ ਪੀਲੀ ਲਾਈਨ ਲਗਾਈ ਜਾਵੇ, ਤਾਂ ਜੋ ਪਾਰਕਿੰਗ ਅਤੇ ਅਤਿਕ੍ਰਮਣ ਸੰਬੰਧੀ ਕੋਈ ਉਲਝਣ ਨਾ ਰਹੇ। ਟ੍ਰੈਫਿਕ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ, ਤਾਂ ਜੋ ਰੇਲਵੇ ਰੋਡ ’ਤੇ ਆਵਾਜਾਈ ਨਿਰਵਿਘਨ ਬਣੀ ਰਹੇ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ 72 ਘੰਟੇ ਦਾ ਨੋਟਿਸ
ਪੁਲ ਹੇਠਾਂ ਸਾਈਕਲ ਪਾਰਕਿੰਗ ’ਤੇ ਬੋਲੀ ਏ. ਡੀ. ਸੀ. ਪੀ. ਮੈਡਮ, ਕਿਹਾ ਨਗਰ ਨਿਗਮ ਨਾਲ ਕਰਾਂਗੇ ਗੱਲ
ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਪੁਲ ਦੇ ਹੇਠਾਂ ਕੈਵਿਟੀਜ਼ ਵਿਚ ਵੱਡੀ ਗਿਣਤੀ ਵਿਚ ਨਵੀਆਂ ਸਾਈਕਲਾਂ ਦੀ ਪਾਰਕਿੰਗ ਨੂੰ ਗੰਭੀਰ ਮਸਲਾ ਦੱਸਿਆ ਅਤੇ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਅੰਮ੍ਰਿਤਸਰ ਨਾਲ ਤਾਲਮੇਲ ਕਰ ਕੇ ਇਹ ਜਗ੍ਹਾ ਖਾਲੀ ਕਰਵਾਈ ਜਾਵੇਗੀ, ਤਾਂ ਜੋ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਨਿੱਜੀ ਵਾਹਨਾਂ ਲਈ ਪਾਰਕਿੰਗ ਉਪਲੱਬਧ ਕਰਵਾਈ ਜਾ ਸਕੇ।
ਦੁਕਾਨਦਾਰਾਂ ਦੀ ਮੰਗ, ਲਗਾਈ ਜਾਵੇ ਪੀਲੀ ਲਾਈਨ
ਦੁਕਾਨਦਾਰਾਂ ਨੇ ਕਿਹਾ ਕਿ ਪੁਲ ਨਾਲ ਲੱਗਦੇ ਜਿੱਥੇ ਰਸਤਾ ਕੁਝ ਮੀਟਰ ਤੱਕ ਤੰਗ ਹੈ, ਉੱਥੇ ਨਜਾਇਜ਼ ਕਬਜ਼ੇ ਹਟਾਉਣਾ ਲਾਜ਼ਮੀ ਹੈ ਪਰ ਗਾਹਕਾਂ ਦੇ ਵਾਹਨਾਂ ਲਈ ਖੜ੍ਹਨ ਦੀ ਢੁਕਵੀਂ ਥਾਂ ਵੀ ਹੋਣੀ ਚਾਹੀਦੀ ਹੈ। ਜਿੱਥੋਂ ਰਸਤਾ ਖੁੱਲ੍ਹਾ ਹੋ ਜਾਂਦਾ ਹੈ, ਉੱਥੇ ਦੁਕਾਨਦਾਰਾਂ ਨੂੰ ‘ਚੰਗੀ ਸਪੇਸ’ ਦੇ ਨਾਲ ਪੀਲੀ ਲਾਈਨ ਦੀ ਸੁਵਿਧਾ ਦਿੱਤੀ ਜਾਵੇ, ਤਾਂ ਜੋ ਬਾਈਕ ਪਾਰਕਿੰਗ ਵਿਵਸਥਿਤ ਰਹੇ। ਦੁਕਾਨਦਾਰ ਮੈਕੀ ਸਿੰਘ (ਪੈਰਾਡਾਈਜ਼) ਨੇ ਕਿਹਾ ਕਿ ਜੇਕਰ ਵਾਹਨਾਂ ਦੀ ਪਾਰਕਿੰਗ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ, ਤਾਂ ਵਪਾਰ ਪ੍ਰਭਾਵਿਤ ਹੋਵੇਗਾ ਅਤੇ ਸਰਕਾਰ ਦੇ ਟੈਕਸ ਰੈਵੀਨਿਊ ’ਤੇ ਵੀ ਅਸਰ ਪਵੇਗਾ। ਉਨ੍ਹਾਂ ਦੀ ਮੰਗ ਹੈ ਕਿ ਗਾਹਕ ਨੂੰ ਖਰੀਦਦਾਰੀ ਮੁਕੰਮਲ ਹੋਣ ਤੱਕ ਬਾਈਕ ਪਾਰਕਿੰਗ ਦੀ ਆਗਿਆ ਮਿਲਣੀ ਚਾਹੀਦੀ ਹੈ। ਰੇਲਵੇ ਰੋਡ ’ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਸ ਦੇ ਜਵਾਨ ਤਾਇਨਾਤ ਰਹੇ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਭਿਆਨ ਲਗਾਤਾਰ ਜਾਰੀ ਰਹੇਗਾ ਅਤੇ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਵਿਹਾਰਕ ਹੱਲ ਵੀ ਲਾਗੂ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
