ਮਾਨ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ, ਜ਼ਿਲ੍ਹੇ ''ਚ ਹੋਮਿਓਪੈਥਿਕ ਅਸਾਮੀਆਂ ਖਾਲੀ

Wednesday, Feb 25, 2026 - 05:38 PM (IST)

ਮਾਨ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ, ਜ਼ਿਲ੍ਹੇ ''ਚ ਹੋਮਿਓਪੈਥਿਕ ਅਸਾਮੀਆਂ ਖਾਲੀ

ਬੁਢਲਾਡਾ (ਬਾਂਸਲ) : ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਿਹਤ ਪ੍ਰਬੰਧ ਵਿਚ ਹੋਮਿਓਪੈਥਿਕ ਡਾਕਟਰਾਂ ਦੀ ਘਾਟ ਦਾ ਮਸਲਾ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ। ਬੁਢਲਾਡਾ ਨਿਵਾਸੀ ਸਚਿਨ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਜ਼ਿਲ੍ਹਾ ਹੋਮਿਓਪੈਥਿਕ ਦਫ਼ਤਰ, ਮਾਨਸਾ ਨੇ 25 ਫ਼ਰਵਰੀ ਨੂੰ ਲਿਖਤੀ ਰਿਪੋਰਟ ਜਾਰੀ ਕਰਦਿਆਂ ਕਈ ਕੇਂਦਰਾਂ ਵਿਚ ਅਸਾਮੀਆਂ ਖਾਲੀ ਹੋਣ ਦੀ ਪੁਸ਼ਟੀ ਕੀਤੀ ਹੈ। ਵਿਭਾਗੀ ਜਾਣਕਾਰੀ ਮੁਤਾਬਕ ਸਰਕਾਰੀ ਹੋਮਿਓਪੈਥਿਕ ਦਵਾਖਾਨਾ ਮਾਨਸਾ ਅਤੇ ਭੀਖੀ ਤੋਂ ਇਲਾਵਾ ਸਮੁਦਾਇਕ ਸਿਹਤ ਕੇਂਦਰ ਖਿਆਲਾ, ਝੁਨੀਰ, ਬੁਢਲਾਡਾ ਅਤੇ ਸਰਦੂਲਗੜ੍ਹ (ਰਾਸ਼ਟਰੀ ਸਿਹਤ ਮਿਸ਼ਨ ਅਧੀਨ) ਵਿਚ ਮਨਜ਼ੂਰਸ਼ੁਦਾ ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਹਨ। ਰਿਪੋਰਟ ਵਿਚ ਦਰਸਾਇਆ ਗਿਆ ਹੈ ਕਿ ਬੁਢਲਾਡਾ ਵਿਖੇ ਹੋਮਿਓਪੈਥਿਕ ਡਿਸਪੈਂਸਰੀ ਡਾਕਟਰ ਦੀ ਘਾਟ ਕਾਰਨ ਬੰਦ ਹੋ ਚੁੱਕੀ ਹੈ, ਜਦਕਿ ਹੋਰ ਕੇਂਦਰਾਂ ਵਿਚ ਸੇਵਾਵਾਂ ਪ੍ਰਭਾਵਿਤ ਹਨ। ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਭੇਜਣ ਦੀ ਗੱਲ ਕਹੀ ਗਈ ਹੈ ਪਰ ਨਵੀਆਂ ਨਿਯੁਕਤੀਆਂ ਸਬੰਧੀ ਕੋਈ ਨਿਰਧਾਰਤ ਸਮਾਂ-ਸੀਮਾ ਨਹੀਂ ਦੱਸੀ ਗਈ। 

ਸਿਹਤ ਸੇਵਾਵਾਂ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਡਿਸਪੈਂਸਰੀ ਬੰਦ ਹੋਣ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਰੀਜ਼ਾਂ ਨੂੰ ਇਲਾਜ ਲਈ ਨਿੱਜੀ ਦਵਾਖਾਨਿਆਂ ਜਾਂ ਹੋਰ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ‘ਤੇ ਵਾਧੂ ਖ਼ਰਚ ਪੈਂਦਾ ਹੈ। ਸਥਾਨਕ ਸਮਾਜ ਸੇਵੀ ਨੇ ਕਿਹਾ ਕਿ ਸਰਕਾਰੀ ਸਿਹਤ ਸੇਵਾਵਾਂ ਦੀ ਲਗਾਤਾਰਤਾ ਬਣਾਈ ਰੱਖਣ ਲਈ ਖਾਲੀ ਅਸਾਮੀਆਂ ਜਲਦੀ ਭਰਨਾ ਲਾਜ਼ਮੀ ਹੈ, ਤਾਂ ਜੋ ਬੰਦ ਹੋਈਆਂ ਸੇਵਾਵਾਂ ਮੁੜ ਚਾਲੂ ਹੋ ਸਕਣ ਅਤੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਹੀ ਇਲਾਜ ਦੀ ਸਹੂਲਤ ਮਿਲੇ।


author

Gurminder Singh

Content Editor

Related News