ਪ੍ਰਵਾਸੀ ਜਨਾਨੀ ਨੇ ਮਜ਼ਦੂਰ ਸਪੈਸ਼ਲ ਟਰੇਨ ''ਚ ਬੱਚੀ ਨੂੰ ਦਿੱਤਾ ਜਨਮ
Sunday, May 24, 2020 - 06:09 PM (IST)
ਭੁਵਨੇਸ਼ਵਰ (ਵਾਰਤਾ)— ਤੇਲੰਗਾਨਾ ਤੋਂ ਮਜ਼ਦੂਰ ਸਪੈਸ਼ਲ ਟਰੇਨ ਜ਼ਰੀਏ ਓਡੀਸ਼ਾ 'ਚ ਆਪਣੇ ਘਰ ਪਰਤ ਰਹੀ ਹੇਮਾ ਕਾਂਤੀ ਨਾਮੀ ਇਕ ਪ੍ਰਵਾਸੀ ਗਰਭਵਤੀ ਜਨਾਨੀ ਨੇ ਤਿਤੀਲੀਗੜ੍ਹ 'ਚ ਐਤਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ। ਜੱਚਾ ਅਤੇ ਬੱਚਾ ਦੋਵੇਂ ਹੀ ਸਿਹਤਮੰਦ ਹਨ। ਪੂਰਬੀ ਤੱਟੀ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਲਾਕਡਾਊਨ 'ਚ ਤੇਲੰਗਾਨਾ ਦੇ ਕਾਜੀਪੇਟ ਵਿਚ ਹੋਰ ਪ੍ਰਵਾਸੀ ਮਜ਼ੂਦਰਾਂ ਨਾਲ ਓਡੀਸ਼ਾ ਦੇ ਬੋਲਾਂਗੀਰ ਦੀ ਗਰਭਵਤੀ ਜਨਾਨੀ ਹੇਮਾ ਵੀ ਫਸੀ ਹੋਈ ਸੀ। ਹੇਮਾ ਹੋਰ ਪ੍ਰਵਾਸੀ ਮਜ਼ਦੂਰਾਂ ਨਾਲ ਮਜ਼ਦੂਰ ਸਪੈਸ਼ਲ ਟਰੇਨ ਤੋਂ ਬੋਲਾਂਗੀਰ ਲਈ ਰਵਾਨਾ ਹੋਈ ਪਰ ਤਿਤੀਲਾਗੜ੍ਹ ਰੇਲਵੇ ਸਟੇਸ਼ਨ 'ਤੇ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ।
ਹੇਮਾ ਨੇ ਉੱਥੇ ਮੌਜੂਦ ਰੇਲਵੇ ਡਵੀਜ਼ਨ ਦੇ ਮੈਡੀਕਲ ਅਧਿਕਾਰੀ ਦੀ ਮਦਦ ਨਾਲ ਇਕ ਬੱਚੀ ਨੂੰ ਜਨਮ ਦਿੱਤਾ। ਮਾਂ ਅਤੇ ਨਵਜੰਮੀ ਬੱਚੀ ਨੂੰ ਟਰੇਨ ਤੋਂ ਉਤਾਰ ਕੇ ਤੁਰੰਤ ਤਿਤੀਲਾਗੜ੍ਹ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਦੋਵੇਂ ਹੀ ਬਿਲਕੁੱਲ ਸਿਹਤਮੰਦ ਹਨ। ਸੂਤਰਾਂ ਮੁਤਾਬਕ ਓਡੀਸ਼ਾ ਆਉਣ ਵਾਲੀ ਟਰੇਨ ਵਿਚ ਪਿਛਲੇ 48 ਘੰਟਿਆਂ ਦੌਰਾਨ ਬੱਚੇ ਦੇ ਜਨਮ ਲੈਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਦੋ ਦਿਨ ਪਹਿਲਾਂ ਇਕ ਹੋਰ ਮਜ਼ਦੂਰ ਸਪੈਸ਼ਲ ਟਰੇਨ 'ਚ ਬੋਲਾਂਗੀਰ ਵਿਚ ਇਕ ਬੱਚੇ ਦਾ ਜਨਮ ਹੋਇਆ ਸੀ।