ਦੇਸ਼ ''ਚ ਕੋਰੋਨਾ ਦੇ 7,633 ਨਵੇਂ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 61 ਹਜ਼ਾਰ ਦੇ ਪਾਰ
Tuesday, Apr 18, 2023 - 12:30 PM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 7,633 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 4,48,34,859 ਹੋ ਗਈ। ਉੱਥੇ ਹੀ ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 61,233 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਸੰਕਰਮਣ ਨਾਲ ਦਿੱਲੀ 'ਚ ਚਾਰ ਅਤੇ ਹਰਿਆਣਾ, ਕਰਨਾਟਕ ਅਤੇ ਪੰਜਾਬ 'ਚ ਇਕ-ਇਕ ਮਰੀਜ਼ ਦੀ ਮੌਤ ਤੋਂ ਬਾਅਦ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 5,31,152 ਹੋ ਗਈ। ਉੱਥੇ ਹੀ ਸੰਕਰਮਣ ਨਾਲ ਮੌਤ ਦੇ ਅੰਕੜਿਆਂ ਦਾ ਮੁੜ ਮਿਲਾਨ ਕਰਦੇ ਹੋਏ ਕੇਰਲ ਨੇ ਗਲੋਬਲ ਮਹਾਮਾਰੀ ਨਾਲ ਦਮ ਤੋੜਨ ਵਾਲੇ ਮਰੀਜ਼ਾਂ ਦੀ ਸੂਚੀ 'ਚ ਚਾਰ ਨਾਮ ਹੋਰ ਜੋੜੇ ਹਨ।
ਅੰਕੜਿਆਂ ਅਨੁਸਾਰ ਦੇਸ਼ 'ਚ ਅਜੇ 61,233 ਲੋਕਾਂ ਦਾ ਕੋਰੋਨਾ ਸੰਕਰਮਣ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 0.14 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.68 ਫੀਸਦੀ ਹੈ। ਹੁਣ ਤੱਕ ਕੁੱਲ 4,42,42,474 ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ ਕੋਰੋਨਾ ਨਾਲ ਮੌਤ ਦਰ 1.18 ਫੀਸਦੀ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਦੇਸ਼ 'ਚ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 220,66,27,271 ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।