ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਨਾਲੇ ’ਚ ਡਿੱਗੀ, ਇੰਜੀਨੀਅਰ ਦੀ ਮੌਤ
Tuesday, Dec 28, 2021 - 04:23 PM (IST)
ਨੋਇਡਾ (ਭਾਸ਼ਾ)— ਨੋਇਡਾ ਦੇ ਥਾਣਾ ਸੈਕਟਰ-39 ਖੇਤਰ ਅਧੀਨ ਆਉਂਦੇ ਸੈਕਟਰ-94 ਨੇੜੇ ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋ ਕੇ ਡੂੰਘੇ ਨਾਲੇ ਵਿਚ ਡਿੱਗ ਗਈ। ਇਸ ਘਟਨਾ ਵਿਚ ਇਕ ਇੰਜੀਨੀਅਰ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਕਮਿਸ਼ਨਰ ਆਲੋਕ ਸਿੰਘ ਦੇ ਮੀਡੀਆ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਜੈਪੁਰ ਦੇ ਮਾਨਸਰੋਵਰ ਕਾਲੋਨੀ ਦੇ ਰਹਿਣ ਵਾਲੇ ਹਾਰਦਿਕ (25) ਪੁੱਤਰ ਸੁਨੀਲ ਵਰਮਾ ਅਤੇ ਉਸ ਦਾ ਦੋਸਤ ਸਨੇਹਿਲ ਬੀਤੀ ਰਾਤ ਕਰੀਬ ਡੇਢ ਵਜੇ ਕਾਰ ਵਿਚ ਸਵਾਰ ਹੋ ਕੇ ਸੈਕਟਰ-94 ਨੇੜਿਓਂ ਲੰਘ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋ ਕੇ ਸੈਕਟਰ-94 ਨੇੜੇ ਨਾਲੇ ਵਿਚ ਜਾ ਡਿੱਗੀ।
ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਕਰੇਨ ਦੀ ਮਦਦ ਨਾਲ ਕਰੀਬ 3 ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਰ ਨੂੰ ਨਾਲੇ ’ਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਕਾਰ ਦੇ ਅੰਦਰ ਫਸੇ ਹਾਰਦਿਕ ਵਰਮਾ ਅਤੇ ਸਨੇਹਿਲ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਹਾਰਦਿਕ ਨੂੰ ਮਿ੍ਰਤਕ ਐਲਾਨ ਕਰ ਦਿੱਤਾ, ਜਦਕਿ ਸਨੇਹਿਲ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਕਾਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਵਜ੍ਹਾ ਕਾਰਨ ਕਾਰ ਤੋਂ ਉਸ ਦਾ ਕੰਟਰੋਲ ਹਟ ਗਿਆ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿ੍ਰਤਕ ਹਾਰਦਿਕ ਦੇ ਪਿਤਾ ਰਾਜਸਥਾਨ ਵਿਚ ਪੱਤਰਕਾਰੀ ਨਾਲ ਜੁੜੇ ਹੋਏ ਹਨ।