ਗਡਕਰੀ ਨੇ ਬਣਾਇਆ ਮੈਗਾ ਪਲਾਨ, ਕਚਰੇ ਨਾਲ ਹੋਵੇਗਾ ਸੜਕਾਂ ਦਾ ਨਿਰਮਾਣ
Friday, Sep 29, 2023 - 07:05 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਨਗਰਾਂ ਅਤੇ ਮਹਾਨਗਰਾਂ ਦੇ ਕਚਰੇ ਨੂੰ ਸੜਕ ਨਿਰਮਾਣ ’ਚ ਵਰਤਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਦੇਸ਼ ’ਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਇਸ ’ਚ ਸ਼ਹਿਰੀ ਕਚਰਾ ਵਰਤਿਆ ਜਾਵੇਗਾ। ਗਡਕਰੀ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਲ 2070 ਤੱਕ ਦੇਸ਼ ਨੂੰ ਕਾਰਬਨ ਮੁਕਤ ਬਣਾਉਣ ਦਾ ਸੁਪਨਾ ਹੈ ਅਤੇ ਉਨ੍ਹਾਂ ਦੇ ਇਸ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਲਈ ਸੜਕ ਨਿਰਮਾਣ ਖੇਤਰ ’ਚ ਹਰਿਤ ਗਤੀਵਿਧੀਆਂ ਦੀ ਪਹਿਲ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦੀ ਅਗਵਾਈ ’ਚ ਦੇਸ਼ ਨੂੰ ਸਵੱਛ ਅਤੇ ਕਚਰਾ ਮੁਕਤ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਸੇ ਲੜੀ ਤਹਿਤ ‘ਸਵੱਛਤਾ ਹੀ ਸੇਵਾ’ ਪੰਦਰਵਾੜਾ ਮਨਾਉਣ ਲਈ 13000 ਥਾਵਾਂ ’ਤੇ ਪ੍ਰੋਗਰਾਮ ਚਲਾਏ ਜਾਣਗੇ, ਜਿਸ ’ਚ ਰਾਸ਼ਟਰੀ ਰਾਜਮਾਰਗਾਂ, ਸੜਕਾਂ ਦੇ ਕਿਨਾਰਿਆਂ, ਢਾਬਿਆਂ ਅਤੇ ਟੋਲ ਪਲਾਜ਼ਿਆਂ ’ਤੇ ਸਵੱਛਤਾ ਮੁਹਿੰਮ ਪ੍ਰੋਗਰਾਮ ਚਲਾਉਣ ਦੀ ਯੋਜਨਾ ਹੈ ਅਤੇ ਇਸ ਦੇ ਲਈ 7,000 ਸਥਾਨਾਂ ’ਤੇ ਤਿਆਰੀ ਪੂਰੀ ਹੋ ਚੁੱਕੀ ਹੈ। ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਟਰਾਂਸਪੋਰਟ ਸੈਕਟਰ ਨੂੰ ਕਾਰਬਨ ਮੁਕਤ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਦਿੱਲੀ ਤੇ ਜੈਪੁਰ ਵਿਚਾਲੇ ਇਲੈਕਟ੍ਰਿਕ ਹਾਈਵੇ ਦੇ ਵਿਕਾਸ ਦੀ ਪਹਿਲਕਦਮੀ ਇਸੇ ਦਾ ਇਕ ਹਿੱਸਾ ਹੈ।
ਇਲੈਕਟ੍ਰਿਕ ਹਾਈਵੇ ਬਿਜਲੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਵਾਂਗ ਇਕ ਪ੍ਰਣਾਲੀ ਹੈ, ਜਿਸ ’ਚ ਵਾਹਨਾਂ ਲਈ ਨਿਰਧਾਰਤ ਹਾਈਵੇ ’ਤੇ ਇਲੈਕਟ੍ਰਿਕ ਟ੍ਰੈਕਸ਼ਨ ਲੱਗਾ ਹੋਵੇਗਾ। ਇਹ ਸਵੀਡਨ ਅਤੇ ਨਾਰਵੇ ਵਰਗੇ ਦੇਸ਼ਾਂ ’ਚ ਅਪਣਾਈ ਜਾ ਰਹੀ ਤਕਨੀਕ ’ਤੇ ਆਧਾਰਿਤ ਹੈ। ਫਿਲਹਾਲ ਸੜਕ ਆਵਾਜਾਈ ਮੰਤਰਾਲਾ ਟਰਾਂਸਪੋਰਟ ਸੈਕਟਰ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਲਈ ਤਕਨੀਕਾਂ ਦਾ ਵਿਸ਼ਲੇਸ਼ਣ ਕਰ ਰਿਹਾ ਹੈ।
ਈਥਾਨੋਲ ਦੀ ਵਰਤੋਂ ’ਤੇ ਜ਼ੋਰ ਦਿੱਤਾ
ਦੇਸ਼ ’ਚ ਬਦਲਵੇਂ ਬਾਇਓਫਿਊਲ ਬਾਰੇ ਗੱਲ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਉਹ ਈਥਾਨੋੋਲ ਅਰਥਵਿਵਸਥਾ ਬਣਾਉਣ ਦੇ ਇਕ ਮਜ਼ਬੂਤ ਸਮਰਥਕ ਰਹੇ ਹਨ ਅਤੇ ਖੇਤੀ ਵਿਕਾਸ ਨੂੰ 6 ਫੀਸਦੀ ਤੱਕ ਬੜ੍ਹਾਵਾ ਦੇਣ ਲਈ ਈਥਾਨੋਲ ਦੀ ਵੱਡੇ ਪੱਧਰ ’ਤੇ ਵਰਤੋਂ ’ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ 2025 ਤੱਕ ਭਾਰਤ ਨੂੰ ਇਸ ਨੂੰ 5 ਫੀਸਦੀ ਤੱਕ ਵਧਾਉਣ ਦੀਆਂ ਸੰਭਾਵਿਤ ਯੋਜਨਾਵਾਂ ਦੇ ਨਾਲ 1 ਫੀਸਦੀ ਟਿਕਾਊ ਹਵਾਬਾਜ਼ੀ ਈਂਧਣ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਜਾਵੇਗਾ। ਗਡਕਰੀ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਜੈਨਸੈਟ ਉਦਯੋਗ ਨੂੰ ਸਿਰਫ ਈਥਾਨੋਲ ਆਧਾਰਿਤ ਜੈਨਰੇਟਰਾਂ ’ਤੇ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਗਡਕਰੀ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਜੇਨਸੈਟ ਉਦਯੋਗ ਨੂੰ ਸਿਰਫ ਈਥਾਨੌਲ ਆਧਾਰਿਤ ਜਨਰੇਟਰਾਂ 'ਤੇ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ।