ਨਿਰਭਯਾ ਮਾਮਲਾ: ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਦਾ ਨਵਾਂ ਪੈਂਤੜਾ

Tuesday, Mar 17, 2020 - 06:26 PM (IST)

ਨਿਰਭਯਾ ਮਾਮਲਾ: ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਦਾ ਨਵਾਂ ਪੈਂਤੜਾ

ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਅਤੇ ਹੱਤਿਆ ਮਾਮਲੇ 'ਚ 4 ਸਜ਼ਾ ਪ੍ਰਾਪਤ ਦੋਸ਼ੀਆਂ 'ਚੋਂ ਇਕ ਮੁਕੇਸ਼ ਨੇ ਇਕ ਵਾਰ ਫਿਰ ਨਵਾਂ ਪੈਤੜਾ ਖੇਡਿਆ ਹੈ। ਦਰਅਸਲ ਦੋਸ਼ੀ ਮੁਕੇਸ਼ ਨੇ ਫਿਰ ਅਦਾਲਤ 'ਚ ਆਪਣੀ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਨਿਰਭਯਾ ਦੇ ਨਾਲ ਜਿਸ ਦਿਨ ਦਰਿੰਦਗੀ ਦੀ ਇਹ ਘਟਨਾ ਵਾਪਰੀ ਸੀ, ਉਸ ਦਿਨ ਉਹ ਦਿੱਲੀ 'ਚ ਨਹੀਂ ਸੀ, ਲਿਹਾਜ਼ਾ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਵੇ। ਦੋਸ਼ੀ ਮੁਕੇਸ਼ ਵੱਲੋਂ ਸੀਨੀਅਰ ਵਕੀਲ ਐੱਮ.ਐੱਲ. ਸ਼ਰਮਾ ਨੇ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਐਡੀਸ਼ਨਲ ਸੈਂਸ਼ਨ ਜੱਜ ਧਰਮਿੰਦਰ ਰਾਣਾ ਦੇ ਸਾਹਮਣੇ ਦਾਇਰ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਮੁਕੇਸ਼ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ 17 ਦਸੰਬਰ 2012 ਨੂੰ ਦਿੱਲੀ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਉਹ 16 ਦਸੰਬਰ ਨੂੰ ਸ਼ਹਿਰ 'ਚ ਮੌਜੂਦ ਨਹੀਂ ਸੀ ਜਦੋਂ ਇਹ ਅਪਰਾਧ ਹੋਇਆ ਸੀ। ਪਟੀਸ਼ਨ 'ਚ ਇਹ ਵੀ ਦੋਸ਼ ਲਾਇਆ ਹੈ ਕਿ ਮੁਕੇਸ਼ ਸਿੰਘ ਨੂੰ ਤਿਹਾੜ ਜੇਲ 'ਚ ਤਸ਼ੱਦਦ ਦਿੱਤੇ ਗਏ। 

ਇਸ ਤੋਂ ਪਹਿਲਾਂ ਵੀ ਮੁਕੇਸ਼ ਨੇ ਸੀਨੀਅਰ ਵਕੀਲ ਵਰਿੰਦਾ ਗਰੋਵਰ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਹਾਲਾਂਕਿ ਅਦਾਲਤ ਨੇ ਉਸ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ।

ਦੱਸਣਯੋਗ ਹੈ ਕਿ ਬੀਤੇ ਦਿਨ ਸੋਮਵਾਰ (16 ਮਾਰਚ 2020) ਨੂੰ ਚਾਰੇ ਦੋਸ਼ੀਆਂ 'ਚੋਂ 3 ਦੋਸ਼ੀਆਂ- ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਯਾਨੀ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਰੁਖ਼ ਕੀਤਾ ਹੈ। ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ 'ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਲੱਗਭਗ ਖਤਮ ਹੋ ਚੁੱਕੇ ਹਨ ਅਤੇ ਬੀਤੇ ਦਿਨੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਰਿੰਦਿਆਂ ਨੂੰ 20 ਮਾਰਚ 2020 ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਡੈੱਥ ਵਾਰੰਟ 'ਤੇ 3 ਵਾਰ ਰੋਕ ਲੱਗ ਚੁੱਕੀ ਹੈ। ਅਜਿਹਾ ਇਸ ਲਈ ਕਿਉਂਕਿ ਦਰਿੰਦੇ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਨਵੀਂ ਚਾਲ ਚੱਲਦੇ ਹਨ। ਹਾਲਾਂਕਿ ਉਨ੍ਹਾਂ ਵਲੋਂ ਅਪਣਾਏ ਗਏ ਸਾਰੇ ਪੈਂਤੜੇ ਫੇਲ ਸਾਬਤ ਹੋ ਰਹੇ ਹਨ। 

ਇਹ ਵੀ ਪੜ੍ਹੋ: ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼


author

Iqbalkaur

Content Editor

Related News