ਨਿਰਭਯਾ ਕੇਸ : ਫਾਂਸੀ ਤੋਂ ਕਿੰਨੀ ਦੂਰ ''ਦਰਿੰਦੇ'', ਜਾਣੋ ਕਿਸ ਦੋਸ਼ੀ ਕੋਲ ਬਚਿਆ ਕਿਹੜਾ ਕਾਨੂੰਨੀ ਬਦਲ

01/29/2020 12:45:26 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਕੇਸ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਦੋਸ਼ੀ ਫਾਂਸੀ ਤੋਂ ਬਚਣ ਲਈ ਇਕ ਤੋਂ ਬਾਅਦ ਇਕ ਦਾਅ ਪੇਚ ਲਾ ਰਹੇ ਹਨ ਪਰ ਉਨ੍ਹਾਂ ਦਾ ਇਕ ਵੀ ਦਾਅ ਕੰਮ ਨਹੀਂ ਆ ਰਿਹਾ। ਸੁਪਰੀਮ ਕੋਰਟ ਨੇ ਅੱਜ ਭਾਵ ਮੁਕੇਸ਼ ਦੀ ਦਇਆ ਪਟੀਸ਼ਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤਾ ਹੈ। ਹੁਣ ਮੁਕੇਸ਼ ਕੋਲ ਫਾਂਸੀ ਤੋਂ ਬਚਣ ਲਈ ਸਾਰੇ ਕਾਨੂੰਨੀ ਬਦਲ ਖਤਮ ਹੋ ਗਏ ਹਨ। ਬਾਕੀ ਦੇ 3 ਦੋਸ਼ੀਆਂ ਕੋਲ ਅਜੇ ਵੀ ਕਾਨੂੰਨੀ ਬਦਲ ਬਚੇ ਹਨ। ਫਾਂਸੀ ਨੂੰ ਟਾਲਣ ਲਈ ਹੋ ਸਕਦਾ ਹੈ ਕਿ ਉਹ ਇਨ੍ਹਾਂ ਬਦਲਾਂ ਦਾ ਇਸਤੇਮਾਲ ਕਰ ਸਕਦੇ ਹਨ। ਆਓ ਜਾਣਦੇ ਹਾਂ ਨਿਰਭਯਾ ਕੇਸ 'ਚ ਫਾਂਸੀ ਦੇ ਸਜ਼ਾ ਪ੍ਰਾਪਤ ਦੋਸ਼ੀਆਂ ਕੋਲ ਹੁਣ ਕਿਹੜੇ-ਕਿਹੜੇ ਕਾਨੂੰਨੀ ਬਦਲ ਬਚੇ ਹਨ। 

ਦੋਸ਼ੀ ਮੁਕੇਸ਼ ਸਿੰਘ—
ਦੋਸ਼ੀ ਮੁਕੇਸ਼ ਨੇ ਰਿਵਿਊ ਪਟੀਸ਼ਨ ਯਾਨੀ ਕਿ ਕੇਸ 'ਤੇ ਮੁੜ ਵਿਚਾਰ ਪਟੀਸ਼ਨ ਜੁਲਾਈ 2018 ਨੂੰ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ। ਕਿਊਰੇਵਿਟਵ ਪਟੀਸ਼ਨ ਇਸੇ ਮਹੀਨੇ ਖਾਰਜ ਕੀਤੀ ਗਈ। ਦਇਆ ਪਟੀਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਦਇਆ ਪਟੀਸ਼ਨ 17 ਜਨਵਰੀ 2020 ਨੂੰ ਰਾਸ਼ਟਰਪਤੀ ਵਲੋਂ ਖਾਰਜ ਕਰ ਦਿੱਤਾ ਗਿਆ। ਇਸ ਪਟੀਸ਼ਨ ਵਿਰੁੱਧ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। 29 ਜਨਵਰੀ ਯਾਨੀ ਕਿ ਅੱਜ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹੁਣ ਉਸ ਕੋਲ ਕੋਈ ਕਾਨੂੰਨੀ ਬਦਲ ਨਹੀਂ ਬਚਿਆ।

ਦੋਸ਼ੀ ਅਕਸ਼ੇ ਠਾਕੁਰ—
ਰਿਵਿਊ ਪਟੀਸ਼ਨ— ਦਸੰਬਰ 2019 ਨੂੰ ਖਾਰਜ ਕੀਤੀ ਗਈ।
ਕਿਊਰੇਟਿਵ ਪਟੀਸ਼ਨ— 28 ਜਨਵਰੀ 2020 ਨੂੰ ਦਾਖਲ ਕੀਤੀ ਗਈ। ਇਸ 'ਤੇ ਕੋਰਟ ਵਲੋਂ ਅਜੇ ਫੈਸਲਾ ਸੁਣਾਇਆ ਜਾਣਾ ਹੈ। 
ਦਇਆ ਪਟੀਸ਼ਨ— ਰਾਸ਼ਟਰਪਤੀ ਕੋਲ ਅਜੇ ਤਕ ਨਹੀਂ ਲਾਈ ਗੁਹਾਰ। ਦੋਸ਼ੀ ਅਕਸ਼ੇ ਕੋਲ ਸਿਰਫ ਇਹ ਬਦਲ ਬਚਿਆ ਹੈ।

ਦੋਸ਼ੀ ਪਵਨ ਗੁਪਤਾ—
ਰਿਵਿਊ ਪਟੀਸ਼ਨ— ਜੁਲਾਈ 2018 'ਚ ਖਾਰਜ ਕੀਤੀ ਗਈ।
ਕਿਊਰੇਟਿਵ ਪਟੀਸ਼ਨ— ਕਿਊਰੇਟਿਵ ਪਟੀਸ਼ਨ ਅਜੇ ਤਕ ਦਾਇਰ ਨਹੀਂ ਕੀਤੀ ਗਈ।
ਦਇਆ ਪਟੀਸ਼ਨ— ਦੋਸ਼ੀ ਪਵਨ ਗੁਪਤਾ ਕੋਲ ਦਇਆ ਪਟੀਸ਼ਨ ਦਾ ਬਦਲ ਬਚਿਆ ਹੈ।

ਦੋਸ਼ੀ ਵਿਨੇ ਸ਼ਰਮਾ—
ਰਿਵਿਊ ਪਟੀਸ਼ਨ— ਦੋਸ਼ੀ ਵਿਨੇ ਦੀ ਰਿਵਿਊ ਪਟੀਸ਼ਨ 2018 'ਚ ਖਾਰਜ ਹੋਈ।
ਕਿਊਰੇਟਿਵ ਪਟੀਸ਼ਨ— ਜਨਵਰੀ 2020 'ਚ ਖਾਰਜ।
ਦਇਆ ਪਟੀਸ਼ਨ— ਅਜੇ ਇਹ ਬਦਲ ਬਚਿਆ ਹੈ।

ਕੀ ਹੈ ਜੇਲ ਦਾ ਕਾਨੂੰਨ—
ਜੇਲ ਕਾਨੂੰਨ ਤਹਿਤ ਦਇਆ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੋਸ਼ੀ ਨੂੰ ਫਾਂਸੀ ਤੋਂ ਪਹਿਲਾਂ 14 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਇਕ ਹੀ ਮਾਮਲੇ 'ਚ ਕਈ ਦੋਸ਼ੀ ਕਰਾਰ ਹਨ ਅਤੇ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਤਾਂ ਫਾਂਸੀ ਇਕੱਠੇ ਹੀ ਹੋ ਸਕਦੀ ਹੈ। ਅਜਿਹੇ ਵਿਚ ਨਿਰਭਯਾ ਦੇ ਤਿੰਨ ਦੋਸ਼ੀਆਂ ਕੋਲ ਦਇਆ ਪਟੀਸ਼ਨ ਦਾ ਬਦਲ ਬਚਿਆ ਹੈ। ਫਾਂਸੀ ਨੂੰ ਟਾਲਣ ਲਈ ਦੋਸ਼ੀ ਇਹ ਆਖਰੀ ਦਾਅ ਖੇਡ ਸਕਦੇ ਹਨ। 

ਦੱਸਣਯੋਗ ਹੈ ਕਿ 16 ਦਸੰਬਰ 2012 ਦੇ ਨਿਰਭਯਾ ਗੈਂਗਰੇਪ ਦੇ ਦੋਸ਼ੀਆਂ ਨੇ ਦਿੱਲੀ ਵਿਚ ਚੱਲਦੀ ਬੱਸ 'ਚੋਂ ਲੜਕੀ ਨੂੰ ਬਾਹਰ ਸੁੱਟ ਦਿੱਤਾ ਸੀ। ਇਸ ਵਾਰਦਾਤ ਤੋਂ ਠੀਕ 13 ਦਿਨਾਂ ਬਾਅਦ ਨਿਰਭਯਾ ਜ਼ਿੰਦਗੀ ਦੀ ਜੰਗ ਹਾਰ ਗਈ। ਇਸ ਘਟਨਾ ਨੂੰ 6 ਦੋਸ਼ੀਆਂ ਵਲੋਂ ਅੰਜ਼ਾਮ ਦਿੱਤਾ ਗਿਆ ਸੀ। ਦੋਸ਼ੀ ਰਾਮ ਸਿੰਘ ਨੇ 11 ਮਾਰਚ 2013 'ਚ ਜੇਲ 'ਚ ਹੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਨਾਬਾਲਗ ਦੋਸ਼ੀ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਬਿਤਾਉਣ ਤੋਂ ਬਾਅਦ 2015 'ਚ ਰਿਹਾਅ ਕਰ ਦਿੱਤਾ ਗਿਆ ਸੀ। ਸਾਲ 2013 'ਚ ਹੀ ਸਾਕੇਤ ਅਦਾਲਤ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। 


Tanu

Content Editor

Related News