''ਕੈਂਡੀ ਸ਼ੌਪ'' ਗਾਣੇ ''ਚ ਨੇਹਾ ਕੱਕੜ ਨੇ ਫੈਲਾਈ ਅਸ਼ਲੀਲਤਾ, ਬਾਲ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ
Saturday, Jan 10, 2026 - 12:58 PM (IST)
ਚੰਡੀਗੜ੍ਹ (ਅੰਕੁਰ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਨੇਹਾ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਕੈਂਡੀ ਸ਼ੌਪ' (Candy Shop) ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਇਸ ਗਾਣੇ ਵਿੱਚ ਫਿਲਮਾਏ ਗਏ ਅਸ਼ਲੀਲ ਦ੍ਰਿਸ਼ਾਂ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (SCPCR) ਕੋਲ ਗਾਇਕਾ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਸ਼ਿਕਾਇਤਕਰਤਾ ਡਾਕਟਰ ਪੰਡਿਤਰਾਓ ਧਰੇਨਵਰ ਦਾ ਦੋਸ਼ ਹੈ ਕਿ ਗਾਣੇ ਦੇ ਫਿਲਮਾਂਕਣ ਦੌਰਾਨ ਬਾਲ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਣੇ ਦੇ ਬੋਲ ਅਤੇ ਵੀਡੀਓ ਵਿੱਚ ਕੁਝ ਅਜਿਹੇ ਤੱਤ ਹਨ ਜੋ ਬੱਚਿਆਂ ਲਈ ਢੁਕਵੇਂ ਨਹੀਂ ਹਨ ਅਤੇ ਉਨ੍ਹਾਂ ਦੇ ਮਾਨਸਿਕ ਪੱਧਰ 'ਤੇ ਗਲਤ ਪ੍ਰਭਾਵ ਪਾ ਸਕਦੇ ਹਨ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਗੀਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ, 2019 ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ, ਜਿਸ ਵਿੱਚ ਬੱਚਿਆਂ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਦੇ ਪ੍ਰਸਾਰ ‘ਤੇ ਚਿੰਤਾ ਪ੍ਰਗਟ ਕੀਤੀ ਗਈ ਸੀ।

ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਗਾਣੇ ਵਿੱਚ ਕਥਿਤ ਅਸ਼ਲੀਲਤਾ ਅਤੇ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ 9 ਜਨਵਰੀ 2026 ਨੂੰ ਰਾਸ਼ਟਰੀ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਹ ਮੁੱਦਾ ਰਾਸ਼ਟਰੀ ਪੱਧਰ ਦਾ ਹੈ। ਕਮਿਸ਼ਨ ਨੇ ਮੰਗ ਕੀਤੀ ਹੈ ਕਿ, ਨੇਹਾ ਕੱਕੜ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਗਾਣੇ ਨੂੰ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ।
ਡਾ. ਪੰਡਿਤ ਰਾਓ ਨੇ ਡੀ.ਜੀ.ਪੀ. ਪੰਜਾਬ ਨੂੰ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਨ ਦੀ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ
