7 ਸਾਲ ਬਾਅਦ ਮਿਲਿਆ ਨਿਰਭਿਆ ਨੂੰ ਇਨਸਾਫ, 22 ਜਨਵਰੀ ਨੂੰ ਚਾਰੇ ਦੋਸ਼ੀਆਂ ਨੂੰ ਫਾਂਸੀ

1/7/2020 5:24:19 PM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਅਤੇ ਕਤਲ ਕਾਂਡ ਦੇ ਚਾਰੇ ਦਰਿੰਦਿਆਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਅੱਜ ਭਾਵ ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਅਹਿਮ ਸੁਣਵਾਈ ਹੋਈ। ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਕੋਰਟ ਵਲੋਂ ਡੈਥ ਵਾਰੰਟ ਜਾਰੀ ਕੀਤਾ ਗਿਆ। 22 ਜਨਵਰੀ ਨੂੰ ਚਾਰੇ ਦੋਸ਼ੀਆਂ ਨੂੰ ਸਵੇਰੇ 7 ਵਜੇ ਤਿਹਾੜ ਜੇਲ 'ਚ ਫਾਂਸੀ ਦਿੱਤੀ ਜਾਵੇਗੀ। ਦੋਸ਼ੀਆਂ ਦੀ ਕੋਰਟ 'ਚ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ। ਇਸ ਦੌਰਾਨ ਨਿਰਭਿਆ ਦੇ ਮਾਤਾ-ਪਿਤਾ ਵੀ ਕੋਰਟ ਰੂਮ 'ਚ ਮੌਜੂਦ ਰਹੇ। ਦੋਸ਼ੀਆਂ ਵਿਰੁੱਧ ਡੈਥ ਵਾਰੰਟ ਜਾਰੀ ਕਰਨ ਵਾਲੇ ਐਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਫਾਂਸੀ ਦੇਣ ਦਾ ਆਦੇਸ਼ ਜਾਰੀ ਕੀਤਾ। ਨਿਰਭਿਆ ਗੈਂਗਰੇਪ ਕਾਂਡ ਦੇ ਦੋਸ਼ੀਆਂ- ਮੁਕੇਸ਼, ਵਿਨੇ ਸ਼ਰਮਾ, ਅਕਸ਼ੇ ਕੁਮਾਰ ਅਤੇ ਪਵਨ ਗੁਪਤਾ ਨੂੰ ਫਾਂਸੀ ਦਿੱਤੀ ਜਾਣੀ ਹੈ। ਓਧਰ ਨਿਰਭਿਆ ਦੀ ਮਾਂ ਨੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਦੀ ਤਰੀਕ ਤੈਅ ਕੀਤੇ ਜਾਣ ਤੋਂ ਬਾਅਦ ਕਿਹਾ ਕਿ ਇਹ ਆਦੇਸ਼ ਕਾਨੂੰਨ 'ਚ ਔਰਤਾਂ ਦੇ ਵਿਸ਼ਵਾਸ ਨੂੰ ਬਹਾਲ ਕਰੇਗਾ।

ਦਰਅਸਲ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੀ ਮਾਂ ਦੀ ਅਰਜ਼ੀ 'ਤੇ ਸੁਣਵਾਈ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਦੋਸ਼ੀਆਂ ਲਈ ਡੈਥ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ। ਚਾਰੇ ਦੋਸ਼ੀ ਤਿਹਾੜ ਜੇਲ ਵਿਚ ਬੰਦ ਹਨ। ਸੂਤਰਾਂ ਮੁਤਾਬਕ ਚਾਰੋਂ ਨੂੰ ਇਕੱਠੇ ਫਾਂਸੀ 'ਤੇ ਲਟਕਾਇਆ ਜਾਵੇਗਾ। ਨਿਰਭਿਆ ਦੇ ਮਾਤਾ-ਪਿਤਾ ਇਨਸਾਫ ਲਈ 7 ਸਾਲਾਂ ਤੋਂ ਉਡੀਕ ਕਰ ਰਹੇ ਹਨ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ਤੋਂ ਬਾਅਦ ਆਖਰਕਾਰ ਨਿਰਭਿਆ ਨੂੰ 7 ਸਾਲ ਬਾਅਦ ਇਨਸਾਫ ਮਿਲ ਗਿਆ ਹੈ। 

ਆਓ ਜਾਣਦੇ ਹਾਂ ਕੀ ਹੋਇਆ ਕਰੋਟ ਦੇ ਵੀਡੀਓ ਕਾਨਫਰੈਂਸਿੰਗ ਰੂਮ 'ਚ—
ਕਰੋਟ ਦੇ ਵੀਡੀਓ ਕਾਨਫਰੈਂਸਿੰਗ ਰੂਮ 'ਚ ਵੀਡੀਓ ਕਾਨਫਰੈਂਸਿੰਗ ਜ਼ਰੀਏ ਦੋਸ਼ੀਆਂ ਤੋਂ ਜੱਜ ਨੇ ਸਵਾਲ ਪੁੱਛੇ। ਜੱਜ ਨੇ ਦੋਸ਼ੀਆਂ ਤੋਂ ਉਨ੍ਹਾਂ ਦੇ ਨਾਂ ਪੁੱਛੇ। ਇਸ ਦੌਰਾਨ ਦੋਸ਼ੀ ਅਕਸ਼ੈ ਨੇ ਜੱਜ ਤੋਂ ਬੋਲਣ ਦੀ ਇਜਾਜ਼ਤ ਮੰਗੀ। ਜੱਜ ਨੇ ਉਸ ਨੂੰ ਬੋਲਣ ਦੀ ਇਜਾਜ਼ਤ ਦਿੱਤੀ। ਦੋਸ਼ੀ ਅਕਸ਼ੈ ਨੇ ਇਕ ਅਖਬਾਰ 'ਚ ਛਪੀ ਰਿਪੋਰਟ ਦਾ ਹਵਾਲਾ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਨਿਰਭਿਆ ਮਾਮਲੇ ਦਾ ਦੋਸ਼ੀ ਸਜ਼ਾ ਟਲਵਾਉਣ ਦਾ ਸਾਜਿਸ਼ ਰਚ ਰਿਹਾ ਹੈ। ਉਸ ਨੇ ਕਿਹਾ ਕਿ ਇਹ ਸਾਰੀਆਂ ਝੂਠੀਆਂ ਰਿਪੋਰਟਾਂ ਹਨ।  ਇਸ ਦੌਰਾਨ ਵੀਡੀਓ ਕਾਨਫਰੈਂਸਿੰਗ ਰੂਮ ਬੰਦ ਰੱਖਿਆ ਗਿਆ। ਮੀਡੀਆ ਕਰਮਚਾਰੀਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਕੋਰਟ ਰੂਮ 'ਚ ਸੁਣਵਾਈ ਦੌਰਾਨ ਦੋਸ਼ੀਆਂ ਦੇ ਵਕੀਲਾਂ 'ਚ ਤਿੱਖੀ ਬਹਿਸ ਵੀ ਹੋਈ। 

16 ਦਸੰਬਰ 2012 ਨੂੰ ਵਾਪਰੀ ਸੀ ਘਟਨਾ—
ਜ਼ਿਕਰਯੋਗ ਹੈ ਕਿ ਦਿੱਲੀ 'ਚ 16 ਦਸੰਬਰ 2012 ਦੀ ਰਾਤ ਨੂੰ ਚੱਲਦੀ ਬੱਸ 'ਚ ਇਕ 23 ਸਾਲਾ ਦੀ ਪੈਰਾ-ਮੈਡੀਕਲ ਦੀ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ। ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੜਕੀ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਘਟਨਾ ਦੇ ਕੁਝ ਦਿਨਾਂ ਬਾਅਦ ਪੀੜਤ ਦੀ ਮੌਤ ਹੋ ਗਈ। ਇਸ ਅਪਰਾਧ ਨੂੰ ਪਵਨ ਗੁਪਤਾ, ਮੁਕੇਸ਼, ਅਕਸ਼ੈ ਕੁਮਾਰ ਅਤੇ ਵਿਨੇ ਤੋਂ ਇਲਾਵਾ 2 ਹੋਰ ਦੋਸ਼ੀਆਂ ਨੇ ਅੰਜ਼ਾਮ ਦਿੱਤਾ ਸੀ। ਇਕ ਦੋਸ਼ੀ ਨੇ ਜੇਲ 'ਚ ਹੀ ਖੁਦਕੁਸ਼ੀ ਕਰ ਲਈ ਸੀ, ਜਦਕਿ ਇਕ ਨੂੰ ਨਾਬਾਲਗ ਹੋਣ ਕਰ ਕੇ ਬਾਲ ਸੁਧਾਰ ਘਰ ਭੇਜਿਆ ਗਿਆ, ਜਿੱਥੇ ਉਸ ਨੇ 3 ਸਾਲ ਦੀ ਸਜ਼ਾ ਪੂਰੀ ਕੀਤੀ। ਇੱਥੇ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਅਤੇ ਹਾਈ ਕੋਰਟ ਵਲੋਂ ਦਿੱਤੀ ਫਾਂਸੀ ਦੀ ਸਜ਼ਾ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu