ਨਿਰਭਯਾ ਕੇਸ : ਦੋਸ਼ੀ ਅਕਸ਼ੈ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਕੀਤੀ ਖਾਰਜ

Thursday, Feb 06, 2020 - 10:19 AM (IST)

ਨਿਰਭਯਾ ਕੇਸ : ਦੋਸ਼ੀ ਅਕਸ਼ੈ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਨੇ ਕੀਤੀ ਖਾਰਜ

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ 4 ਦੋਸ਼ੀਆਂ 'ਚੋਂ ਇਕ ਅਕਸ਼ੈ ਕੁਮਾਰ ਸਿੰਘ ਦੀ ਦਯਾ ਪਟੀਸ਼ਨ ਖਾਰਜ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਕਸ਼ੈ ਨੇ ਕੁਝ ਦਿਨ ਪਹਿਲਾਂ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਦਾਖਲ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਅਕਸ਼ੈ ਦੀ ਦਯਾ ਪਟੀਸ਼ਨ ਖਾਰਜ ਕਰ ਦਿੱਤੀ। ਰਾਸ਼ਟਰਪਤੀ ਕੋਵਿੰਦ ਮਾਮਲੇ 'ਚ 2 ਹੋਰ ਦੋਸ਼ੀਆਂ ਮੁਕੇਸ਼ ਸਿੰਘ ਅਤੇ ਵਿਨੇ ਕੁਮਾਰ ਸ਼ਰਮਾ ਦੀ ਦਯਾ ਪਟੀਸ਼ਨ ਪਹਿਲਾਂ ਹੀ ਖਾਰਜ ਕਰ ਚੁਕੇ ਹਨ।

ਇਹ ਸੀ ਪੂਰਾ ਘਟਨਾ
ਦੱਸਣਯੋਗ ਹੈ ਕਿ 16 ਦਸੰਬਰ 2012 'ਚ ਪੈਰਾ-ਮੈਡੀਕਲ ਦੀ 23 ਸਾਲਾ ਵਿਦਿਆਰਥਣ 'ਨਿਰਭਯਾ' ਨਾਲ ਇਕ ਚੱਲਦੀ ਬੱਸ 'ਚ ਗੈਂਗਰੇਪ ਕੀਤਾ ਗਿਆ ਸੀ। ਘਟਨਾ ਦੇ 15 ਦਿਨਾਂ ਬਾਅਦ ਸਿੰਗਾਪੁਰ ਦੇ ਇਕ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। 6 ਲੋਕਾਂ- ਮੁਕੇਸ਼, ਵਿਨੇ, ਅਕਸ਼ੈ, ਪਵਨ ਗੁਪਤਾ, ਰਾਮ ਸਿੰਘ ਅਤੇ ਇਕ ਨਾਬਾਲਗ ਨੂੰ ਇਸ 'ਚ ਦੋਸ਼ੀ ਬਣਾਇਆ ਗਿਆ। 5 ਬਾਲਗਾਂ ਵਿਰੁੱਧ ਮੁਕੱਦਮਾ ਮਾਰਚ 2013 'ਚ ਇਕ ਵਿਸ਼ੇਸ਼ ਫਾਸਟ ਟਰੈਕ ਕੋਰਟ 'ਚ ਸ਼ੁਰੂ ਹੋਇਆ। ਨਾਬਾਲਗ ਨੇ ਔਰਤ ਨਾਲ ਜ਼ਿਆਦਾ ਬੇਰਹਿਮੀ ਕੀਤੀ ਸੀ ਅਤੇ ਉਸ ਨੂੰ 3 ਸਾਲਾਂ ਤੱਕ ਸੁਧਾਰ ਗ੍ਰਹਿ 'ਚ ਰੱਖਿਆ ਗਿਆ ਸੀ। 2015 'ਚ ਜਦੋਂ ਉਹ ਰਿਹਾਅ ਹੋਇਆ ਤਾਂ ਉਸ ਦੀ ਉਮਰ 20 ਸਾਲ ਸੀ ਅਤੇ ਉਸ ਨੂੰ ਅਣਪਛਾਤੀ ਜਗ੍ਹਾ ਭੇਜ ਦਿੱਤਾ ਗਿਆ, ਕਿਉਂਕਿ ਉਸ ਦੀ ਜਾਨ ਨੂੰ ਖਤਰਾ ਸੀ। ਮੁੱਖ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ 'ਚ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ।

2013 'ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ
ਮੁਕੇਸ਼, ਵਿਨੇ, ਅਕਸ਼ੈ ਅਤੇ ਪਵਨ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਤੰਬਰ 2013 'ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਦਿੱਲੀ ਦੀ ਇਕ ਕੋਰਟ ਨੇ 7 ਜਨਵਰੀ ਨੂੰ ਉਨ੍ਹਾਂ ਦਾ ਡੈੱਥ ਵਾਰੰਟ ਜਾਰੀ ਕਰਦੇ ਹੋਏ 22 ਜਨਵਰੀ ਨੂੰ ਫਾਂਸੀ 'ਤੇ ਲਟਕਾਉਣ ਦਾ ਆਦੇਸ਼ ਦਿੱਤਾ ਸੀ। ਫਿਲਹਾਲ ਦਿੱਲੀ ਸਰਕਾਰ ਨੇ ਹਾਈ ਕੋਟਰ ਨੂੰ ਸੂਚਿਤ ਕੀਤਾ ਕਿ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾ ਸਕਦਾ, ਕਿਉਂਕਿ ਮੁਕੇਸ਼ ਨੇ ਦਯਾ ਪਟੀਸ਼ਨ ਦਾਖਲ ਕੀਤੀ ਹੈ। ਮੁਕੇਸ਼ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦਿੱਲੀ ਦੀ ਇਕ ਕੋਰਟ ਨੇ ਚਾਰੇ ਦੋਸ਼ੀਆਂ ਨੂੰ ਇਕ ਫਰਵਰੀ ਨੂੰ ਫਾਂਸੀ 'ਤੇ ਲਟਕਾਉਣ ਦਾ ਡੈੱਥ ਵਾਰੰਟ ਜਾਰੀ ਕੀਤਾ। ਸਥਾਨਕ ਕੋਰਟ ਨੇ ਦੂਜੀ ਵਾਰ ਇਕ ਫਰਵਰੀ ਨੂੰ ਫਾਂਸੀ 'ਤੇ ਅਮਲ ਨੂੰ ਵੀ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿੱਤਾ। ਦੋਸ਼ੀਆਂ ਨੂੰ ਫਾਂਸੀ ਟਲਣ 'ਤੇ ਨਿਰਭਯਾ ਦੀ ਮਾਂ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਆਪਣੀ ਲੜਾਈ ਉਦੋਂ ਤੱਕ ਜਾਰੀ ਰਖੇਗੀ, ਜਦੋਂ ਤੱਕ ਦੋਸ਼ੀਆਂ ਨੂੰ ਫਾਂਸੀ ਨਹੀਂ ਦੇ ਦਿੱਤੀ ਜਾਂਦੀ ਹੈ।


author

DIsha

Content Editor

Related News