ਪੁਲਵਾਮਾ ਹਮਲਾ: NIA ਨੇ ਮੁੜ ਤੋਂ ਦਰਜ ਕੀਤਾ ਕੇਸ
Wednesday, Feb 20, 2019 - 05:33 PM (IST)

ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਬੁੱਧਵਾਰ ਨੂੰ ਮਾਮਲਾ ਫਿਰ ਤੋਂ ਦਰਜ ਕੀਤਾ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਐੱਨ.ਆਈ.ਏ. ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਉਸ ਖੇਤਰ ਤੋਂ ਵਿਸਫੋਟਕ ਦੇ ਨਮੂਨੇ ਅਤੇ ਸਬੂਤ ਇਕੱਠੇ ਕਰ ਚੁਕੀ ਹੈ, ਜਿੱਥੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਸਮੱਗਰੀ ਨਾਲ ਭਰੇ ਵਾਹਨ ਨਾਲ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਟੱਕਰ ਮਾਰੀ ਸੀ।
ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਮਾਮਲਾ ਫਿਰ ਤੋਂ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਇਕ ਜਾਂਚ ਦਲ ਗਠਿਤ ਕੀਤੀ ਗਈ ਹੈ। ਇਹ ਏਜੰਸੀ ਦੇਸ਼ 'ਚ ਅੱਤਵਾਦੀ ਹਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਇਸ ਘਟਨਾ ਤੋਂ ਬਾਅਦ ਇਜ਼ਰਾਇਲ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਦੂਜੇ ਪਾਸੇ ਭਾਰਤ ਵਲੋਂ ਗਲੋਬਲ ਪੱਧਰ 'ਤੇ ਕੂਟਨੀਤਕ ਕੋਸ਼ਿਸ਼ਾਂ ਰਾਹੀਂ ਪਾਕਿਸਤਾਨ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈ ਲਿਆ ਗਿਆ। ਉਸ ਤੋਂ ਬਾਅਦ ਉੱਥੋਂ ਆਉਣ ਵਾਲੀਆਂ ਚੀਜ਼ਾਂ 'ਤੇ 200 ਫੀਸਦੀ ਕਸਟਮ ਡਿਊਟੀ ਵਧਾ ਦਿੱਤੀ ਗਈ।