NIA ਨੇ ਹਿਜ਼ਬੁਲ ਅੱਤਵਾਦੀ ਨਾਇਕੂ ਸਮੇਤ 10 ਲੋਕਾਂ ਵਿਰੁੱਧ ਚਾਰਜੀਸ਼ਟ ਦਾਇਰ ਕੀਤੀ
Wednesday, Oct 21, 2020 - 10:51 AM (IST)
ਜੰਮੂ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਦੇਸ਼ 'ਚ ਹੈਰੋਇਨ ਦੀ ਤਸਕਰੀ ਅਤੇ ਇਸ ਤੋਂ ਮਿਲੀ ਲਾਭ ਰਾਸ਼ੀ ਨੂੰ ਪਾਕਿਸਤਾਨ ਅਤੇ ਜੰਮੂ-ਕਸ਼ਮੀਰ 'ਚ ਮੌਜੂਦ ਅੱਤਵਾਦੀਆਂ ਨੂੰ ਪਹੁੰਚਾਉਣ ਦੇ ਮਾਮਲੇ 'ਚ ਮੰਗਲਵਾਰ 10 ਲੋਕਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ। ਜਿਸ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਮਾਰੇ ਜਾ ਚੁਕੇ ਕਮਾਂਡਰ ਰਿਆਜ਼ ਨਾਈਕੂ ਦਾ ਨਾਂ ਵੀ ਸ਼ਾਮਲ ਹੈ। ਮੋਹਾਲੀ ਸਥਿਤ ਵਿਸ਼ੇਸ਼ ਐੱਨ.ਆਈ.ਏ. ਕੋਰਟ 'ਚ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਸਬਸਟੈਂਸ ਐਕਟ, ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਅਤੇ ਭਾਰਤੀ ਪਾਸਪੋਰਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ 14 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ ਪੱਤਰ 'ਚ ਪੁਲਵਾਮਾ ਦੇ ਹਿਲਾਲ ਅਹਿਮਦ ਸ਼ੇਰਗੋਜਰੀ , ਅੰਮ੍ਰਿਤਸਰ ਦਾ ਬਿਕਰਮ ਸਿੰਘ, ਮਨਿੰਦਰ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਅਤੇ ਗੁਰਦਾਸਪੁਰ ਦਾ ਰਣਜੀਤ ਸਿੰਘ ਅਤੇ ਅਨੰਤਨਾਗ ਦਾ ਜ਼ਬਰ ਹੁਸੈਨ ਭੱਟ ਦੇ ਨਾਂ ਸ਼ਾਮਲ ਹਨ। ਭੱਟ ਇਸ ਸਮੇਂ ਪਾਕਿਸਤਾਨ 'ਚ ਹੈ।
ਬੁਲਾਰੇ ਨੇ ਦੱਸਿਆ ਕਿ ਦੋਸ਼ ਪੱਤਰ 'ਚ ਫੌਜ ਵਲੋਂ ਇਸ ਸਾਲ ਦੇ ਸ਼ੁਰੂ 'ਚ ਮੁਕਾਬਲੇ 'ਚ ਢੇਰ ਕੀਤੇ ਗਏ ਨਾਈਕੂ ਦਾ ਨਾਂ ਵੀ ਸ਼ਾਮਲ ਹੈ। ਮਾਮਲਾ ਪੰਜਾਬ ਪੁਲਸ ਵਲੋਂ 25 ਅਪ੍ਰੈਲ ਨੂੰ ਸ਼ੇਰਗੋਜਰੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਉਸ ਕੋਲੋਂ 29 ਲੱਖ ਰੁਪਏ ਦੀ ਬਰਾਮਦਗੀ ਨਾਲ ਜੁੜਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਵਲੋਂ 8 ਮਈ ਨੂੰ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਏ ਜਾਣ ਤੋਂ ਬਾਅਦ ਪਤਾ ਲੱਗਾ ਕਿ 29 ਲੱਖ ਰੁਪਏ ਲੈਣ ਅੰਮ੍ਰਿਤਸਰ ਪਹੁੰਚਿਆ ਹਿਜ਼ਬੁਲ ਮੁਜਾਹੀਦੀਨ ਦਾ ਮੈਂਬਰ ਅਤੇ ਅੱਤਵਾਦੀ ਸੰਗਠਨ ਦੇ ਕਸ਼ਮੀਰ ਘਾਟੀ ਦੇ ਸਾਬਕਾ ਕਮਾਂਡਰ ਨਾਈਕੂ ਦਾ ਕਰੀਬੀ ਸਹਿਯੋਗੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਡੇ ਨਸ਼ੀਲੇ ਪਦਾਰਥ-ਅੱਤਵਾਦੀ ਮਾਡਿਊਲ ਦਾ ਖੁਲਾਸਾ ਹੋਇਆ, ਜੋ ਭਾਰਤ 'ਚ ਹੈਰੋਇਨ ਦੀ ਤਸਕਰੀ ਅਤੇ ਵਿਕਰੀ ਅਤੇ ਇਸ ਤੋਂ ਮਿਲੇ ਫਾਇਦੇ ਨੂੰ ਹਵਾਲਾ ਰਾਹੀਂ ਪਾਕਿਸਤਾਨ ਅਤੇ ਜੰਮੂ-ਕਸ਼ਮੀਰ 'ਚ ਮੌਜੂਦ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨੂੰ ਪਹੁੰਚਾਉਣ 'ਚ ਸ਼ਾਮਲ ਸੀ।