NIA ਵਲੋਂ ਮੁਜਾਹੀਦੀਨ ਦੇ 7 ਅੱਤਵਾਦੀਆਂ ਵਿਰੁੱਧ ਦੋਸ਼ ਪੱਤਰ ਦਾਖ਼ਲ
Friday, Jun 25, 2021 - 03:41 PM (IST)
ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ ਕਸ਼ਮੀਰ ਦੇ ਪੁੰਛ ਸਾਜਿਸ਼ ਮਾਮਲੇ 'ਚ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਉਲ-ਮੁਜਾਹੀਦੀਨ (ਟੀ.ਐੱਮ.ਯੂ.) ਦੇ 7 ਅੱਤਵਾਦੀਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਹ ਸਾਰੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਸਥਿਤ ਸਰਗਨੇ ਦੀ ਮਦਦ ਨਾਲ ਭਾਰਤ 'ਚ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਤਸਕਰੀ ਕਰਦੇ ਸਨ। ਜੰਮੂ 'ਚ ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਵੀਰਵਾਰ ਨੂੰ ਮੁਹੰਮਦ ਮੁਸਤਫ਼ਾ ਖਾਨ, ਮੁਹੰਮਦ ਯਾਸੀਨ, ਮੁਹੰਮਦ ਫਾਰੂਖ਼, ਮੁਹੰਮਦ ਇਬਰਾਰ, ਮੁਹੰਮਦ ਜਾਹਿਦ ਖਾਨ, ਕੁਵੈਤ ਆਧਾਰਤ ਸ਼ੇਰ ਅਲੀ ਅਤੇ ਪੀ.ਓ.ਕੇ. ਆਧਾਰਤ ਮੁਹੰਮਦ ਰਫ਼ੀਕ ਨਾਈ ਉਰਫ਼ ਸੁਲਤਾਨ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤਾ ਹੈ।
ਉਨ੍ਹਾਂ ਵਿਰੁੱਧ ਹਥਿਆਰਬੰਦ ਐਕਟ, ਵਿਸਫ਼ੋਟਕ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਜਾਂ ਯੂ.ਏ.ਪੀ.ਏ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਇਸ ਸਾਲ ਮਾਰਚ 'ਚ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲਈ ਸੀ। ਜੰਮੂ ਪੁਲਸ ਨੇ ਮੁਹੰਮਦ ਮੁਸਤਫ਼ਾ ਖਾਨ ਦੀ ਗ੍ਰਿਫ਼ਤਾਰੀ ਅਤੇ ਉਸ ਦੇ ਘਰੋਂ 6 ਹੱਥਗੋਲੇ ਅਤੇ ਦਸਤਾਵੇਜ਼ ਬਰਾਮਦ ਹੋਣ ਤੋਂ ਬਾਅਦ ਇਕ ਸ਼ਿਕਾਇਤ ਦਰਜ ਕੀਤੀ ਸੀ। ਐੱਨ.ਆਈ.ਏ. ਨੇ ਦੋਸ਼ ਲਗਾਇਆ ਕਿ ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ ਪੱਤਰ 'ਚ ਨਾਮਜ਼ਦ 7 ਦੋਸ਼ੀ ਟੀ.ਯੂ.ਐੱਮ. ਦੇ ਪਾਕਿਸਤਾਨ ਸਥਿਤ ਸਰਗਨੇ ਵਲੋਂ ਰਚੀ ਸਾਜਿਸ਼ 'ਚ ਸ਼ਾਮਲ ਸਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਭਾਰਤ ਵਿਰੁੱਧ ਯੁੱਧ ਦੀ ਸਥਿਤੀ ਪੈਦਾ ਕਰਨ ਲਈ ਪੁੰਛ ਅਤੇ ਕੁਵੈਤ 'ਚ ਸਰਗਰਮ ਸਨ।ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।