ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ ''ਚ ਉੱਜੜ ਗਈ ਦੁਨੀਆ
Monday, Jul 07, 2025 - 11:57 AM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਭਿਲਾਈ ਵਿਖੇ ਐਤਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੋੜੇ ਦਾ ਵਿਆਹ ਹਾਲੇ 2 ਮਹੀਨੇ ਪਹਿਲਾਂ ਹੀ ਹੋਇਆ ਸੀ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਭਿਲਾਈ ਦੇ ਖੁਰਸੀਪਾਰ ਥਾਣਾ ਇਲਾਕੇ ਅਧੀਨ ਪੈਂਦੇ ਕੋਹਕਾ 'ਚ ਵਾਪਰਿਆ, ਜਿੱਥੇ ਇਕ ਨਵਾਂ ਵਿਆਹਿਆ ਜੋੜਾ ਮੁਕੇਸ਼ ਤੇ ਕਮਲੇਸ਼ਵਰੀ ਇਕ ਰਿਸ਼ਤੇਦਾਰ ਦੇ ਘਰੋਂ ਖਾਣਾ ਖਾ ਕੇ ਘਰ ਵਾਪਸ ਆ ਰਹੇ ਹਨ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਆ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਨੇ ਆ ਕੇ ਸੜਕ 'ਤੇ ਧਰਨਾ ਦੇ ਦਿੱਤਾ, ਜਿਸ ਮਗਰੋਂ ਪੁਲਸ ਦੇ ਅਧਿਕਾਰੀਆਂ ਨੇ ਆ ਕੇ ਸਥਿਤੀ ਸੰਭਾਲੀ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ। ਇਸ ਮਗਰੋਂ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।